- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੋਸਮੀ ਬਾਰਿਸ਼ ਦਾ ਕਹਿਰ ਖੇਤਾਂ ’ਚ ਝੋਨਾ ਵਿੱਛਿਆ, ਮੰਡੀਆਂ ’ਚ ਭਿੱਜਿਆ

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਐਤਵਾਰ ਨੂੰ ਦਿਨ ਚੜਦਿਆਂ ਹੀ ਇੱਕ ਵਾਰ ਫੇਰ ਹਨੇਰਾ ਛਾ ਗਿਆ। ਕਰੀਬ ਸਾਢੇ ਅੱਠ ਵਜੇ ਸੰਘਣੇ ਛਾਏ ਬੱਦਲਾਂ ਅਤੇ ਤੇਜ ਹਵਾਵਾਂ ਨੇ ਅਚਾਨਕ ਮੌਸਮ ਦਾ ਮਿਜਾਜ ਬਦਲ ਦਿੱਤਾ। ਤੇਜ ਬਾਰਿਸ਼ ਅਤੇ ਹਵਾਵਾਂ ਕਾਰਨ ਜਿੱਥੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਜ਼ਮੀਨ ਤੇ ਵਿਛ ਗਈ, ਉੱਥੇ ਹੀ ਮੰਡੀ ਵਿੱਚ ਆਈ ਫਸਲ ਪਾਣੀ ਨਿਕਾਸ ਦੇ ਪ੍ਰਬੰਧ ਨਾ ਹੋਣ ਕਾਰਨ ਭਿੱਜ ਗਈ। ਇਸ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਦੂਜੇ ਪਾਸੇ, ਅਚਾਨਕ ਹੋਈ ਜੋਰਦਾਰ ਬਾਰਿਸ਼ ਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਵੀ ਕਰਵਾ ਦਿੱਤਾ। ਸਾਰਾ ਦਿਨ ਅਸਮਾਨ ਤੇ ਸੰਘਣੇ ਬੱਦਲ ਛਾਏ ਰਹੇ। ਮੌਸਮ ’ਚ ਆਏ ਇਸ ਬਦਲਾਅ ਕਾਰਨ ਲੋਕਾਂ ਨੂੰ ਏਸੀ ਬੰਦ ਕਰਨੇ ਪੈ ਗਏ।
ਮੀਂਹ ਨਾਲ ਆਮ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਪ੍ਰੰਤੂ ਦੂਜੇ ਪਾਸੇ ਝੋਨੇ ਦੇ ਸੀਜ਼ਨ ਦੌਰਾਨ ਪਏ ਇਸ ਅਚਾਨਕ ਮੀਂਹ ਨੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਲ੍ਹੇ ਦੀਆਂ ਪ੍ਰਮੁੱਖ ਅਨਾਜ ਮੰਡੀਆਂ, ਖਾਸ ਕਰਕੇ ਖਨੌਰੀ ਅਤੇ ਸੁਨਾਮ ਦੀਆਂ ਅਨਾਜ ਮੰਡੀਆਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਮੰਡੀਕਰਨ ਦੇ ਪ੍ਰਬੰਧਾਂ ਵਿੱਚ ਭਾਰੀ ਦਿੱਕਤ ਆਈ ਹੈ।
ਅਨਾਜ ਮੰਡੀਆਂ ਵਿੱਚ ਪਾਣੀ ਦੀ ਸੁਚੱਜੀ ਨਿਕਾਸੀ ਨਾ ਹੋਣ ਕਰਕੇ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਈ ਝੋਨੇ ਦੀ ਫਸਲ ਅਤੇ ਬੋਰੀਆਂ ਪਾਣੀ ਵਿੱਚ ਭਿੱਜ ਗਈਆਂ। ਖਰੀਦ ਏਜੰਸੀਆਂ ਦੀਆਂ ਤਿਆਰੀਆਂ ਦੀ ਪੋਲ ਖੋਲ੍ਹਦਿਆਂ ਇਸ ਮੀਂਹ ਨੇ ਕਿਸਾਨਾਂ ਅਤੇ ਆੜ੍ਹਤੀਆਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ।
ਸੰਗਰੂਰ ਮੰਡੀ 'ਚ ਪਾਣੀ ਭਰਨ ਕਾਰਨ ਝੋਨੇ ਦੀ ਲਿਫਟਿੰਗ ਅਤੇ ਬੋਲੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੰਡੀਆਂ ਵਿੱਚੋਂ ਪਾਣੀ ਦੀ ਨਿਕਾਸੀ ਜਲਦ ਨਾ ਕੀਤੀ ਗਈ ਤਾਂ ਫਸਲ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਖਰੀਦ ਵਿੱਚ ਹੋਰ ਦੇਰੀ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਇਸ ਤੋਂ ਇਲਾਵਾ, ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਸੜਕਾਂ 'ਤੇ ਵੀ ਪਾਣੀ ਜਮ੍ਹਾਂ ਹੋ ਗਿਆ, ਜਿਸ ਨਾਲ ਆਵਾਜਾਈ ਵਿੱਚ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਬਜ਼ੁਰਗਾਂ ਅਤੇ ਬੱਚਿਆਂ ਨੇ ਬਦਲੇ ਹੋਏ ਮੌਸਮ ਦਾ ਲੁਤਫ਼ ਲਿਆ, ਪਰ ਮੰਡੀਆਂ ਵਿੱਚ ਆਪਣੀ ਛੇ ਮਹੀਨਿਆਂ ਦੀ ਮਿਹਨਤ ਲੈ ਕੇ ਬੈਠੇ ਕਿਸਾਨਾਂ ਲਈ ਇਹ ਮੀਂਹ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।
ਮੀਂਹ ਕਾਰਨ ਵਾਢੀ ’ਚ ਦੇਰੀ ਹੋਣ ਦੀ ਸੰਭਾਵਨਾ, ਨੁਕਸਾਨ ਨਹੀਂ
ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਹਰਬੰਸ ਸਿੰਘ ਨੇ ਕਿਹਾ ਕਿ ਸੰਗਰੂਰ ਇਲਾਕੇ ਵਿੱਚ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਵਾਢੀ ਲਈ ਕੁਝ ਦਿਨ ਉਡੀਕ ਕਰਨੀ ਪੈ ਸਕਦੀ ਹੈ। ਹਾਲੇ ਤੱਕ ਕਿਤੇ ਵੀ ਮੀਂਹ ਕਾਰਨ ਵੱਡੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਮੀਂਹ ਸਬੰਧੀ ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾ ਸਕੇਗਾ। ਜ਼ਮੀਨ ’ਤੇ ਵਿਛੀ ਹੋਈ ਫ਼ਸਲ ਦਾ ਵੀ ਕੋਈ ਖ਼ਾਸ ਨੁਕਸਾਨ ਨਹੀਂ ਹੈ, ਕਿਉਂਕਿ ਆਧੁਨਿਕ ਤਕਨੀਕ ਵਾਲੀਆਂ ਕੰਬਾਈਨਾਂ ਜ਼ਮੀਨ ’ਤੇ ਵਿਛੀ ਫ਼ਸਲ ਦੀ ਕਟਾਈ ਕਰਨ ਦੇ ਵੀ ਸਮਰੱਥ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।