ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਹਰਜਿੰਦਰ ਕੌਰ ਨੇ ਬਦਲੀ ਕਿਸਮਤ: ਖ਼ੁਦ ਦਾ ਕਾਰੋਬਾਰ ਸ਼ੁਰੂ ਕਰਕੇ ਚਾਰ ਗੁਣਾ ਵਧਾਈ ਆਮਦਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੇ ਜ਼ਿਲ੍ਹੇ ਦੇ ਪਿੰਡ ਬਡਬਰ ਦੀ ਹਰਜਿੰਦਰ ਕੌਰ ਦੀ ਜ਼ਿੰਦਗੀ ’ਚ ਆਰਥਿਕ ਖੁਸ਼ਹਾਲੀ ਲਿਆਂਦੀ ਹੈ। ਜਿੱਥੇ ਉਸਦਾ ਪਰਿਵਾਰ ਪਹਿਲਾਂ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਸੀ, ਹੁਣ ਉਹ ਆਪਣੇ ਕਾਰੋਬਾਰ ਦੇ ਖ਼ੁਦ ਮਾਲਕ ਹਨ। ਉਹ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਜਿੱਥੇ ਆਪ ਆਰਥਿਕ ਤੌਰ ਉੱਤੇ ਆਤਮ ਨਿਰਭਰ ਹੋਈ, ਓਥੇ ਆਪਣੀ ਪਤੀ ਦਾ ਵੀ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਹੁਣ ਉਹ ਚਾਰ ਗੁਣਾ ਵੱਧ ਕਮਾਈ ਕਰ ਰਹੇ ਹਨ।
Publish Date: Tue, 11 Aug 2026 12:27 PM (IST)
Updated Date: Tue, 11 Aug 2026 01:33 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੇ ਜ਼ਿਲ੍ਹੇ ਦੇ ਪਿੰਡ ਬਡਬਰ ਦੀ ਹਰਜਿੰਦਰ ਕੌਰ ਦੀ ਜ਼ਿੰਦਗੀ ’ਚ ਆਰਥਿਕ ਖੁਸ਼ਹਾਲੀ ਲਿਆਂਦੀ ਹੈ। ਜਿੱਥੇ ਉਸਦਾ ਪਰਿਵਾਰ ਪਹਿਲਾਂ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਸੀ, ਹੁਣ ਉਹ ਆਪਣੇ ਕਾਰੋਬਾਰ ਦੇ ਖ਼ੁਦ ਮਾਲਕ ਹਨ। ਉਹ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਜਿੱਥੇ ਆਪ ਆਰਥਿਕ ਤੌਰ ਉੱਤੇ ਆਤਮ ਨਿਰਭਰ ਹੋਈ, ਓਥੇ ਆਪਣੀ ਪਤੀ ਦਾ ਵੀ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਹੁਣ ਉਹ ਚਾਰ ਗੁਣਾ ਵੱਧ ਕਮਾਈ ਕਰ ਰਹੇ ਹਨ।
ਸੈਲਫ ਹੈਲਪ ਗਰੁੱਪ ਬਦੌਲਤ ਆਪਣਾ ਤੇ ਪਤੀ ਦਾ ਕਾਰੋਬਾਰ ਕੀਤਾ ਸ਼ੁਰੂ ਹਰਜਿੰਦਰ ਕੌਰ (36 ਸਾਲ) ਪਤਨੀ ਗੁਰਜਿੰਦਰ ਸਿੰਘ ਵਾਸੀ ਪਿੰਡ ਬਡਬਰ ਨੇ ਦੱਸਿਆ ਕਿ ਉਸ ਦੇ ਪਤੀ ਦਿਹਾੜੀ ਕਰਦੇ ਸਨ ਤੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ। ਉਹ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਦੀ ਸੋਚ ਨਾਲ ਸਾਲ 2019 ’ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਗਰੁੱਪ ਨਾਲ ਜੁੜੀ। ਉਨ੍ਹਾਂ ਨੇ 10 ਮੈਂਬਰਾਂ ਦਾ ਬਾਬਾ ਵਾਲਮੀਕਿ ਜੀ ਸਵੈ ਸਹਾਇਤਾ ਸਮੂਹ" ਬਣਾਇਆ। ਗਰੁੱਪ ਦੇ ਸਾਰੇ ਮੈਂਬਰਾਂ ਨੇ ਪ੍ਰਤੀ ਮਹੀਨਾ 100 ਰੁਪਏ ਬੱਚਤ ਕਰਕੇ ਜਮ੍ਹਾਂ ਕਰਨੀ ਸ਼ੁਰੂ ਕੀਤੀ। ਕਰੀਬ ਤਿੰਨ ਮਹੀਨਿਆਂ ਬਾਅਦ ਸਰਕਾਰ ਵੱਲੋਂ ਗਰੁੱਪ ਨੂੰ 15 ਹਜ਼ਾਰ ਰੁਪਏ ਦਾ ਰੀਵਾਲਵਿੰਗ ਫੰਡ (ਆਰਐਫ ਫੰਡ) ਆਇਆ ਜਿਸ ’ਚੋਂ ਮੈਂਬਰਾਂ ਦੀ ਸਹਿਮਤੀ ਨਾਲ ਪੰਜ ਹਜ਼ਾਰ ਰੁਪਏ ਕਰਜ਼ਾ ਲਿਆ ਤੇ ਪਿੰਡ ’ਚ ਹੀ ਕਿਰਾਏ 'ਤੇ ਦੁਕਾਨ ਲੈ ਕੇ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ, ਜਿਸ ’ਚੋਂ ਓਸਨੂੰ ਆਮਦਨ ਆਉਣੀ ਸ਼ੁਰੂ ਹੋ ਗਈ ਤਾਂ ਓਸਨੇ ਕਰਜ਼ਾ ਮੋੜਨਾ ਸ਼ੁਰੂ ਕਰ ਦਿੱਤਾ।
ਬੇਕਰੀ ਉਤਪਾਦਾਂ, ਕਰਿਆਨਾ ਦੁਕਾਨ, ਫਾਸਟ ਫੂਡ, ਮੁਰਗੀ ਪਾਲਣ ਨਾਲ ਚਾਰ ਗੁਣਾ ਵਧੀ ਆਮਦਨ ਹਰਜਿੰਦਰ ਕੌਰ ਨੇ ਦੱਸਿਆ ਕਿ ਉਸਨੇ 2022 ’ਚ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ। ਜਿਸ ਵਾਸਤੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਤੋਂ ਮੁਰਗੀ ਪਾਲਣ ਦੀ ਸਿਖਲਾਈ ਲਈ ਤੇ ਓਸਨੂੰ 50 ਚੂਚੇ ਮੁਫ਼ਤ ਮਿਲੇ। ਉਸਨੇ ਮੁਰਗੀ ਪਾਲਣ ਦਾ ਕੰਮ ਵਧਾਉਂਦੇ ਹੋਏ ਆਪਣੀ ਦੁਕਾਨ 'ਤੇ ਅੰਡੇ ਵੇਚਣੇ ਸ਼ੁਰੂ ਕਰ ਦਿੱਤੇ। ਜਿਸ ਨਾਲ ਆਮਦਨ ’ਚ ਹੋਰ ਵਾਧਾ ਹੋਇਆ। ਇਸ ਵੇਲੇ ਉਹ ਕਰੀਬ 200 ਮੁਰਗੀਆਂ ਪਾਲ ਰਹੀ ਹੈ।ਇਸ ਮਗਰੋਂ ਉਸਨੇ ਸਾਲ 2024 ’ਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਬੱਕਰੀ ਪਾਲਣ ਦੀ ਸਿਖਲਾਈ ਲਈ ਤੇ ਇੱਕ ਨਗ ਨਾਲ ਬੱਕਰੀ ਪਾਲਣ ਦਾ ਕੰਮ ਸ਼ੁਰੂ ਕੀਤਾ ਤੇ 5 ਨਗ ਤਿਆਰ ਕਰ ਲਏ। ਇਸ ਮਗਰੋਂ ਉਸਨੇ ਆਪਣੇ ਪਤੀ ਨੂੰ ਕੰਮ ਸ਼ੁਰੂ ਕਰਵਾਉਣ ਦੀ ਵਿਉਂਤ ਬਣਾਏ ਜਿਸ ਵਾਸਤੇ ਉਸਨੂੰ ਸਾਲ 2023 ’ਚ ਫਾਸਟ ਫੂਡ ਦੀ ਸਿਖਲਾਈ ਦਿਵਾਈ।
ਸਾਲ 2023 ’ਚ ਉਨ੍ਹਾਂ ਦੇ ਗਰੁੱਪ ਨੂੰ 50 ਹਜ਼ਾਰ ਰੁਪਏ ਸੀਆਈਐਫ਼ (ਕਮਿਊਨਟੀ ਇਨਵੈਸਟਮੈਂਟ ਫੰਡ) ਪ੍ਰਾਪਤ ਹੋਇਆ ਤੇ ਮੈਂਬਰਾਂ ਦੀ ਸਹਿਮਤੀ ਨਾਲ ਫੰਡ ਤੇ ਆਪਣੀ ਬੱਚਤ ਦੇ ਪੈਸੇ ਖਰਚ ਕਰਕੇ ਕਰੀਬ 80 ਹਜ਼ਾਰ ਦੀ ਲਾਗਤ ਨਾਲ ਆਪਣੇ ਪਤੀ ਨੂੰ ਫਾਸਟ ਫੂਡ ਦਾ ਕੰਮ ਸ਼ੁਰੂ ਕਰਵਾ ਕੇ ਦਿੱਤਾ। ਹਰਜਿੰਦਰ ਕੌਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਨਾਲ ਜੁੜਨ ਤੋਂ ਪਹਿਲਾਂ ਉਨ੍ਹਾਂ ਦੀ ਸਿਰਫ ਦਿਹਾੜੀ ਦੀ ਆਮਦਨ ਸੀ ਜੋ ਕਿ 250-300 ਰੁਪਏ ਦਿਹਾੜੀ ਸੀ, ਜਿਸ ਨਾਲ ਮੁਸ਼ਕਿਲ ਨਾਲ ਗੁਜ਼ਾਰਾ ਚਲਦਾ ਸੀ ਤੇ ਹੁਣ ਓਨ੍ਹਾਂ ਦੀ ਪ੍ਰਤੀ ਦਿਨ ਵਿਕਰੀ 5 ਹਜ਼ਾਰ ਦੇ ਕਰੀਬ ਹੋ ਜਾਂਦੀ ਹੈ ਤੇ ਸਾਰੇ ਖਰਚੇ ਕੱਢ ਕੇ ਰੋਜ਼ਾਨਾ 1000 ਰੁਪਏ ਦੇ ਕਰੀਬ ਬੱਚਤ ਹੋ ਜਾਂਦੀ ਹੈ ਤੇ ਪ੍ਰਤੀ ਮਹੀਨਾ ਕਰੀਬ 30,000 ਹਜ਼ਾਰ ਰੁਪਏ ਬੱਚਤ ਹੋ ਜਾਂਦੀ ਹੈ। ਉਸਨੇ ਆਪਣਾ ਤੇ ਗਰੁੱਪ ਦਾ ਕੰਮ ਹੋਰ ਵਧਾਉਣ ਲਈ ਪਿਛਲੇ ਸਾਲ ਬੇਕਰੀ ਉਤਪਾਦਾਂ ਦੀ ਸਿਖਲਾਈ ਲਈ। ਉਨ੍ਹਾਂ ਦੇ ਗਰੁੱਪ ਨੂੰ ਨਾਬਾਰਡ ਵਲੋਂ ਬੇਕਰੀ ਮਸ਼ੀਨਰੀ ਤੇ ਬਰਤਨ ਮੁਫ਼ਤ ਦਿੱਤੇ ਗਏ ਜਿਸ ਨਾਲ ਓਨ੍ਹਾਂ ਦਾ ਕੰਮ ਹੋਰ ਪ੍ਰਫੁਲਿਤ ਹੋਇਆ ਤੇ ਵੱਡਾ ਆਰਥਿਕ ਸਹਾਰਾ ਮਿਲਿਆ।
ਇਸ ਤੋਂ ਇਲਾਵਾ ਉਨ੍ਹਾਂ ਦਾ ਸੈਲਫ ਹੈਲਪ ਗਰੁੱਪ ਸੇਵੀਆਂ, ਬਿਸਕੁਟ, ਬਰੈਡ, ਪੀਜ਼ਾ ਬਰੈਡ ਸਮੇਤ ਬੇਕਰੀ ਦੇ ਵੱਖ ਵੱਖ ਉਤਪਾਦਾਂ ਦੀ ਵਿਕਰੀ ਵੱਖ ਵੱਖ ਮੇਲਿਆਂ 'ਤੇ ਕਰਦਾ ਹੈ ਤੇ ਆਸ - ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਤੱਕ ਹੱਥ ਨਾਲ ਵੱਟੀਆਂ ਸੇਵੀਆਂ ਤੇ ਹੋਰ ਸਮਾਨ ਜਾਂਦਾ ਹੈ। ਉਨ੍ਹਾਂ ਵਲੋਂ ਜ਼ਿਲ੍ਹਾ ਬਰਨਾਲਾ ’ਚ ਇਸ ਸਾਲ ਫਰਵਰੀ ’ਚ ਲੱਗੇ ਸਖੀ ਮੇਲੇ ’ਚ ਵੀ ਫਾਸਟ ਫੂਡ ਤੇ ਬੇਕਰੀ ਉਤਪਾਦਾਂ ਦਾ ਸਟਾਲ ਲਾਇਆ ਗਿਆ ਸੀ ਜਿਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ ਤੇ ਉਨ੍ਹਾਂ ਨੇ 3 ਦਿਨਾਂ ’ਚ 40 ਹਜ਼ਾਰ ਦੇ ਕਰੀਬ ਕਮਾਈ ਕੀਤੀ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸਨੇ ਆਪਣੀ ਕਮਾਈ ਨਾਲ ਆਪਣੇ ਘਰ ਦੀ ਮੁਰੰਮਤ ਕਰਵਾਈ ਜਿੱਥੇ ਜ਼ਮੀਨੀ ਮੰਜ਼ਿਲ ਤੇ ਉਸਦਾ ਪਰਿਵਾਰ ਰਹਿ ਰਿਹਾ ਹੈ ਤੇ ਪਹਿਲੀ ਮੰਜ਼ਿਲ 'ਤੇ ਉਹ ਮੁਰਗੀਆਂ ਪਾਲ ਰਹੀ ਹੈ। ਉਸਨੇ ਦਸਿਆ ਕਿ ਹੁਣ ਉਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਕਮਿਊਨਿਟੀ ਰੀਸੋਰਸ ਪਰਸਨ ਵਜੋਂ ਕੰਮ ਕਰ ਰਹੀ ਹੈ ਤੇ ਉਸਦੇ ਅਧੀਨ ਬਡਬਰ, ਬਾਜ਼ੀਗਰ ਬਸਤੀ, ਭੈਣੀ ਮਹਿਰਾਜ, ਦਾਨਗੜ੍ਹ, ਧੂਰਕੋਟ ਪਿੰਡ ਹਨ, ਜਿੱਥੇ ਉਹ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜਨ ਲਈ ਤੇ ਆਪਣੀ ਆਰਥਿਕ ਖੁਸ਼ਹਾਲੀ ਲਈ ਪ੍ਰੇਰਿਤ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਹਰਜਿੰਦਰ ਕੌਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਲੋੜਵੰਦ ਔਰਤਾਂ ਦੀ ਜ਼ਿੰਦਗੀ ’ਚ ਜਿਥੇ ਆਰਥਿਕ ਖੁਸ਼ਹਾਲੀ ਲਿਆ ਰਿਹਾ ਹੈ, ਓਥੇ ਉਹ ਸਮਾਜਿਕ ਤੌਰ 'ਤੇ ਵੀ ਮਜ਼ਬੂਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਇਸ ਮਿਸ਼ਨ ਅਧੀਨ ਔਰਤਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਿਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜ਼ਿਲ੍ਹੇ ’ਚ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਔਰਤਾਂ ਰਵਾਇਤੀ ਖਾਣਿਆਂ, ਰਵਾਇਤੀ ਸਮਾਨ, ਬੇਕਰੀ ਉਤਪਾਦਾਂ, ਅਚਾਰ , ਚਟਨੀਆਂ, ਮੁਰੱਬਿਆਂ, ਸੇਵੀਆਂ ਸਮੇਤ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੀ ਵਿਕਰੀ ਸਫਲਤਾਪੂਰਵਕ ਕਰ ਰਹੀਆਂ ਹਨ।