- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਡਿਆਇਆ ਚੌਂਕ ’ਚ ਓਵਰਬ੍ਰਿਜ਼ ਹੇਠੋਂ ਰੇਹੜੀਆਂ ਤੇ ਖੋਖੇ ਹਟਵਾਏ

: ਰੇਹੜੀ ਵਾਲਿਆਂ ਨੇ ਪ੍ਰਸ਼ਾਸਨ ਤੋਂ ਬਦਲਵੀਂ ਥਾਂ ਦੇਣ ਦੀ ਕੀਤੀ ਮੰਗ
: ਰੇਹੜੀ ਵਾਲਿਆਂ ਨੇ ਪ੍ਰਸਾਸ਼ਨ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ
ਹੰਡਿਆਇਆ ਚੌਂਕ ਸਥਿਤ ਓਵਰਬ੍ਰਿਜ ਹੇਠਾਂ ਪਿਛਲੇ ਲੰਮੇ ਸਮੇਂ ਤੋਂ ਫਾਸਟ ਫੂਡ ਤੇ ਫਲ-ਫਰੂਟ ਦੀਆਂ ਰੇਹੜੀਆਂ ਲਗਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਰੇਹੜੀ ਸੰਚਾਲਕਾਂ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਐਨਐੱਚਏਆਈ ਵੱਲੋਂ ਜਾਰੀ ਨੋਟਿਸ ਮਗਰੋਂ ਆਪਣੀਆਂ ਰੇਹੜੀਆਂ ਹਟਾਉਣੀਆਂ ਪਈਆਂ ਹਨ। ਰੇਹੜੀਆਂ ਹਟਣ ਕਾਰਨ ਦਰਜਨਾਂ ਪਰਿਵਾਰਾਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਰੇਹੜੀ ਸੰਚਾਲਕਾਂ ਅਨੁਸਾਰ ਐੱਨਐੱਚਏਆਈ ਵੱਲੋਂ ਉਨ੍ਹਾਂ ਨੂੰ 30 ਸਤੰਬਰ ਤੱਕ ਜਗ੍ਹਾ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਨੋਟਿਸ ’ਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਰੇਹੜੀਆਂ ਨਾ ਹਟਾਈਆਂ ਗਈਆਂ ਤਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਸਾਮਾਨ ਜ਼ਬਤ ਕੀਤਾ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਰੇਹੜੀ ਚਾਲਕਾਂ ਨੇ ਆਪਣੀਆਂ ਰੇਹੜੀਆਂ ਉੱਥੋਂ ਹਟਾ ਲਈਆਂ। ਇਸ ਮੌਕੇ ਗੁਰਦਾਸ ਸਿੰਘ, ਬਨਾਰਸੀ ਸਾਹ, ਵਿਜੇ ਕੁਮਾਰ, ਵਰਿੰਦਰ ਕੁਮਾਰ, ਗੁਰਦੇਵ ਸਿੰਘ, ਸੇਵਕ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰਨਾਂ ਰੇਹੜੀ ਸੰਚਾਲਕਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇੱਥੇ ਰੇਹੜੀਆਂ ਲਗਾ ਕੇ ਮਿਹਨਤ-ਮਜ਼ਦੂਰੀ ਰਾਹੀਂ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੇਹੜੀਆਂ ਹਟਾਏ ਜਾਣ ਨਾਲ ਉਨ੍ਹਾਂ ਦੀ ਆਮਦਨ ਦਾ ਇੱਕੋ-ਇੱਕ ਸਾਧਨ ਖੁੱਸ ਗਿਆ ਹੈ ਅਤੇ ਹੁਣ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਰੇਹੜੀ ਵਾਲਿਆਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਦਫ਼ਤਰ ਵੀ ਗਏ ਸਨ, ਜਿੱਥੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦਾ ਕੰਮ-ਕਾਰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਭਰੋਸੇ ਦੇ ਬਾਵਜੂਦ ਉਨ੍ਹਾਂ ਨੂੰ ਆਪਣੀਆਂ ਰੇਹੜੀਆਂ ਹਟਾਉਣੀਆਂ ਪਈਆਂ। ਪੀੜਤ ਰੇਹੜੀ ਸੰਚਾਲਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਵਿੱਚ ਕਿਸੇ ਢੁਕਵੀਂ ਥਾਂ ’ਤੇ ਰੇਹੜੀਆਂ ਲਗਾਉਣ ਲਈ ਬਦਲਵੀਂ ਜਗ੍ਹਾ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ।