ਐਸਡੀ ਕਾਲਜ ਫਾਟਕ ਨੇੜੇ ਚੱਲੀ ਗੋਲੀ, ਰਾਹਗੀਰ ਦੇ ਪੈਰ ’ਚ ਲੱਗੀ ਐਸਡੀ ਕਾਲਜ ਫਾਟਕ ਨੇੜੇ ਚੱਲੀ ਗੋਲੀ, ਰਾਹਗੀਰ ਦੇ ਪੈਰ ’ਚ ਲੱਗੀ
Publish Date: Thu, 08 Oct 2026 04:20 PM (IST)
Updated Date: Fri, 09 Oct 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਰਾਹੀ ਬਸਤੀ ਨੇੜੇ ਐੱਸਡੀ ਕਾਲਜ ਫਾਟਕ ਕੋਲ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਗੋਲੀ ਇੱਕ ਰਾਹਗੀਰ ਦੇ ਪੈਰ ਵਿੱਚ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਬਸੰਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬਸੰਤ ਸਿੰਘ ਨੇ ਦੱਸਿਆ ਕਿ ਉਹ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ ਅਤੇ ਸੁਨਾਮ ਦਾ ਰਹਿਣ ਵਾਲਾ ਹੈ। ਉਸ ਨੇ ਰਾਹੀਂ ਬਸਤੀ ਵਿੱਚ ਕਿਰਾਏ ’ਤੇ ਕਮਰਾ ਲਿਆ ਹੋਇਆ ਹੈ। ਉਸ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਆਇਆ ਸੀ। ਆਰਾਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲਈ ਨਿਕਲਿਆ ਤਾਂ ਰਸਤੇ ’ਚ ਕੁਝ ਨੌਜਵਾਨ ਪਿਸਤੌਲ ਲੋਡ ਕਰਦੇ ਦਿਖਾਈ ਦਿੱਤੇ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਪੈਰ ਵਿੱਚ ਜਾ ਲੱਗੀ। ਬਸੰਤ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਜਾਣ-ਪਛਾਣ ਜਾਂ ਦੁਸ਼ਮਣੀ ਹੈ। ਘਟਨਾ ਤੋਂ ਬਾਅਦ ਉਸ ਦਾ ਪੁੱਤਰ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਕੇ ਆਇਆ। ਉਸ ਨੇ ਦੱਸਿਆ ਕਿ ਗੋਲੀ ਅਜੇ ਵੀ ਉਸ ਦੇ ਪੈਰ ਵਿੱਚ ਹੈ ਅਤੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਬਠਿੰਡਾ ਰੈਫ਼ਰ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਡਾ. ਸੀਤਾ ਰਾਮ ਨੇ ਦੱਸਿਆ ਕਿ ਬਸੰਤ ਸਿੰਘ ਨਾਮ ਦਾ ਵਿਅਕਤੀ ਪੈਰ ਵਿੱਚ ਗੋਲੀ ਲੱਗਣ ਕਾਰਨ ਹਸਪਤਾਲ ਆਇਆ ਸੀ। ਉਸ ਦਾ ਮੁੱਢਲਾ ਇਲਾਜ ਕਰ ਦਿੱਤਾ ਗਿਆ ਹੈ। ਮਾਮਲਾ ਗੰਭੀਰ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਬਠਿੰਡਾ ਰੈਫ਼ਰ ਕੀਤਾ ਗਿਆ ਹੈ। : ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਐੱਸਐੱਚਓ ਇਸ ਸਬੰਧੀ ਥਾਣਾ ਸਿਟੀ-2 ਬਰਨਾਲਾ ਦੇ ਐੱਸਐੱਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵੱਲੋਂ ਪੁਲਿਸ ਨੂੰ ਰੁੱਕਾ ਭੇਜਿਆ ਗਿਆ ਹੈ ਕਿ ਇੱਕ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗੀ ਹੈ। ਪੁਲਿਸ ਵੱਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।