ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨਗਰੇਵਾਲ ਦਾ ਭਰਵਾਂ ਸਨਮਾਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦਾ ਭਰਵਾਂ ਸਨਮਾਨ
Publish Date: Mon, 14 Sep 2026 06:52 PM (IST)
Updated Date: Tue, 15 Sep 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਧਰਤੀ ਦੇ ਪੁੱਤ, ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹਰਜੀਤ ਸਿੰਘ ਗਰੇਵਾਲ ਨੇ ਜੁਲਾਈ ਮਹੀਨੇ ’ਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਸਿਰਫ਼ ਇੱਕ ਨਿਯੁਕਤੀ ਨਹੀਂ, ਸਗੋਂ ਭਲਾਈ, ਸਮਾਵੇਸ਼ ਅਤੇ ਸਸ਼ਕਤੀਕਰਨ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਪ੍ਰਤੀ ਇੱਕ ਵਚਨਬੱਧਤਾ ਹੈ। ਇਸੇ ਪ੍ਰਾਪਤੀ ਦੇ ਸਨਮਾਨ ’ਚ ਵਾਈਐਸ ਸਕੂਲ, ਬਰਨਾਲਾ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ, ਸਕੂਲ ਦੀ ਪ੍ਰਿੰਸੀਪਲ ਬਿੰਮੀ ਪੁਰੀ ਤੇ ਰਿਸੋਰਸ ਹੈੱਡ ਸਵਰਨਜੀਤ ਕੌਰ ਨੇ ਹਰਜੀਤ ਸਿੰਘ ਗਰੇਵਾਲ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦਾ ਮੁੱਖ ਆਕਰਸ਼ਣ ਸਕੂਲ ਦੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਰਹੀਆਂ। ਵਿਦਿਆਰਥੀਆਂ ਨੇ ਰੰਗਾਰੰਗ ਨਾਚ, ਦੇਸ਼ ਭਗਤੀ ਅਤੇ ਸਮਾਜਿਕ ਸਦਭਾਵਨਾ ਉੱਤੇ ਕਵਿਤਾਵਾਂ, ਜੋਸ਼ੀਲੇ ਭਾਸ਼ਣ ਅਤੇ ਮਧੁਰ ਸੰਗੀਤ ਦੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਗਰੇਵਾਲ ਜਿਨ੍ਹਾਂ ਨੇ ਹਮੇਸ਼ਾ ਸਮਾਜਿਕ ਸਦਭਾਵਨਾ, ਜਨ ਭਲਾਈ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ, ਨੇ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਦਿਲ ਖੋਲ੍ਹ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਈਐਸ ਸਕੂਲ ਬਰਨਾਲਾ ਸਿਰਫ਼ ਸਿੱਖਿਆ ਹੀ ਨਹੀਂ ਦੇ ਰਿਹਾ, ਸਗੋਂ ਬੱਚਿਆਂ ਵਿੱਚ ਸੰਸਕਾਰ ਅਤੇ ਪ੍ਰਤਿਭਾ ਨੂੰ ਵੀ ਨਿਖਾਰ ਰਿਹਾ ਹੈ। ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ, ਤੁਸੀਂ ਪੂਰੇ ਬਰਨਾਲਾ ਜ਼ਿਲ੍ਹੇ ਨੂੰ ਹੀ ਨਹੀਂ, ਪੂਰੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੇ ਸਾਰੇ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਇਨਾਮਾਂ ਅਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਪ੍ਰਕਾਸ਼ਿਤ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਸੰਵਿਧਾਨਕ ਅਹੁਦੇ ਤੇ ਰਹਿੰਦੇ ਹੋਏ ਦੇਸ਼ ਭਰ ਦੇ ਘੱਟ ਗਿਣਤੀਆਂ ਦੀ ਭਲਾਈ ਲਈ ਇੱਕ ਨਵਾਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਸ਼ੰਟੀ ਨੂੰ ਵੀ ਸਕੂਲ ‘ਚ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦਰਸ਼ਨ ਸਿੰਘ, ਰਾਜ ਸਿੰਘ ਸੂਬੇਦਾਰ, ਸੁਰਜੀਤ ਸਿੰਘ, ਕ੍ਰਿਸ਼ਨ ਸਿੰਘ, ਬੰਤ ਸਿੰਘ, ਮੰਗਲ ਦੇਵ ਸ਼ਰਮਾ, ਰਿਤੂ ਰਾਣੀ, ਬ੍ਰਿਜ ਲਾਲ ਧਨੌਲਾ ਆਦਿ ਕਈ ਸਤਿਕਾਰਯੋਗ ਹਸਤੀਆਂ ਨੇ ਪ੍ਰੋਗਰਾਮ ‘ਚ ਸ਼ਿਰਕਤ ਕਰਕੇ ਸਨਮਾਨ ਸਮਾਰੋਹ ਦੀ ਸ਼ੋਭਾ ਵਧਾਈ। ਅੰਤ ‘ਚ ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਗਰੇਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਬਰਨਾਲਾ ਤੋਂ ਇਸ ਰਾਸ਼ਟਰੀ ਅਹੁਦੇ ਤੱਕ ਪਹੁੰਚਣਾ ਹਰ ਵਿਦਿਆਰਥੀ ਲਈ ਪ੍ਰੇਰਨਾ ਹੈ।