ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ, ਕਿਸਾਨਾਂ ਨੂੰ ਮੰਡੀਆਂ ’ਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ: ਡੀ.ਐੱਮ.ਓ.
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਖਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੁਚਾਰੂ, ਪਾਰਦਰਸ਼ੀ ਅਤੇ ਨਿਯਮਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੰਡੀ ਬੋਰਡ ਵੱਲੋਂ ਸਾਰੇ ਲੋੜੀਂਦੇ ਇੰਤਜ਼ਾਮ ਅਮਲ ’ਚ ਲਿਆਂਦੇ ਜਾ ਰਹੇ ਹਨ।
Publish Date: Thu, 24 Sep 2026 04:48 PM (IST)
Updated Date: Thu, 24 Sep 2026 04:53 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪੰਜਾਬ ’ਚ ਆਗਾਮੀ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਵੱਲੋਂ ਖਰੀਦ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਮੰਡੀਆਂ ’ਚ ਆਪਣੀ ਫ਼ਸਲ ਵੇਚਣ ਲਈ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਮੰਡੀਆਂ ’ਚ ਪੁਖ਼ਤਾ ਪ੍ਰਬੰਧ ਅਤੇ ਨਿਰੰਤਰ ਨਿਗਰਾਨੀ ਹੋਵੇਗੀ
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਖਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੁਚਾਰੂ, ਪਾਰਦਰਸ਼ੀ ਅਤੇ ਨਿਯਮਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੰਡੀ ਬੋਰਡ ਵੱਲੋਂ ਸਾਰੇ ਲੋੜੀਂਦੇ ਇੰਤਜ਼ਾਮ ਅਮਲ ’ਚ ਲਿਆਂਦੇ ਜਾ ਰਹੇ ਹਨ।
ਫ਼ਸਲ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਕਾਰਜਾਂ ਦੀ ਨਿਰੰਤਰ ਨਿਗਰਾਨੀ (ਮਾਨੀਟਰਿੰਗ) ਕੀਤੀ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਖੁਆਰ ਨਾ ਹੋਣਾ ਪਵੇ।
ਕਿਸਾਨਾਂ ਲਈ ਜ਼ਰੂਰੀ ਹਦਾਇਤਾਂ
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਝੋਨੇ ਦੀ ਪੂਰੀ ਤਰ੍ਹਾਂ ਸੁੱਕੀ ਅਤੇ ਸਾਫ਼-ਸੁਥਰੀ ਫ਼ਸਲ ਹੀ ਲੈ ਕੇ ਆਉਣ। ਨਮੀ ਵਾਲੀ ਫ਼ਸਲ ਲਿਆਉਣ ਨਾਲ ਖਰੀਦ ਏਜੰਸੀਆਂ ਨੂੰ ਬੋਲੀ ਲਗਾਉਣ ਵਿੱਚ ਦਿੱਕਤ ਆਉਂਦੀ ਹੈ, ਜਿਸ ਨਾਲ ਮੰਡੀ ਵਿੱਚ ਠਹਿਰਾਅ ਵਧਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲ ਦੀ ਕਟਾਈ ਅਤੇ ਮੰਡੀਕਰਨ ਲਈ ਨਿਰਧਾਰਿਤ ਸਰਕਾਰੀ ਮਾਪਦੰਡਾਂ ਅਤੇ ਨਮੀ ਦੀਆਂ ਸੀਮਾਵਾਂ ਦੀ ਪਾਲਣਾ ਕਰਨ, ਤਾਂ ਜੋ ਫ਼ਸਲ ਦੀ ਬਿਨਾਂ ਕਿਸੇ ਰੁਕਾਵਟ ਦੇ ਤੁਰੰਤ ਖਰੀਦ ਯਕੀਨੀ ਬਣਾਈ ਜਾ ਸਕੇ।