ਪੀਟੀਐੱਮ ਬਾਕਸ ਦੀ ਕੇਵਾਈਸੀ ਦਾ ਝਾਂਸਾ, ਰੇਹੜੀ ਵਾਲੇ ਨਾਲ ਆਨਲਾਈਨ ਧੋਖਾਧੜੀ, ਮੋਬਾਈਲ ਲੈ ਕੇ ਫ਼ਰਾਰ ਹੋਇਆ ਠੱਗ
ਜੇਸ਼ ਕੁਮਾਰ ਪੁੱਤਰ ਰਾਮ ਪ੍ਰਕਾਸ਼, ਵਾਸੀ ਤਪਾ, ਫਲਾਂ ਵਾਲੇ ਬੱਸ ਸਟੈਂਡ ਵਿਖੇ ਆਪਣੀ ਰੇਹੜੀ ਲਗਾ ਕੇ ਫਲ ਵੇਚਦਾ ਹੈ। ਇਸ ਦੌਰਾਨ ਇੱਕ ਅਣਪਛਾਤਾ ਨੌਜਵਾਨ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੇ ਪੀਟੀਐੱਮ ਬਾਕਸ ਦੀ ਕੇਵਾਈਸੀ ਕਰਨੀ ਹੈ, ਇਸ ਲਈ ਆਪਣਾ ਮੋਬਾਈਲ ਫੋਨ ਦਿਓ
Publish Date: Sun, 01 Nov 2026 03:33 PM (IST)
Updated Date: Sun, 01 Nov 2026 03:39 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਵਿੱਚ ਆਨਲਾਈਨ ਠੱਗੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਫਲਾਂ ਵਾਲੇ ਬੱਸ ਸਟੈਂਡ ਵਿਖੇ ਰੇਹੜੀ ਲਗਾ ਕੇ ਫਲ ਵੇਚਣ ਦਾ ਕੰਮ ਕਰਨ ਵਾਲੇ ਨੂੰ ਅਣਪਛਾਤੇ ਨੌਜਵਾਨ ਨੇ ਪੀਟੀਐੱਮ ਬਾਕਸ ਦੀ ਕੇਵਾਈਸੀ ਕਰਨ ਦਾ ਬਹਾਨਾ ਬਣਾ ਕੇ 5 ਹਜ਼ਾਰ ਰੁਪਏ ਦਾ ਚੂਨਾ ਲਗਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਜੇਸ਼ ਕੁਮਾਰ ਪੁੱਤਰ ਰਾਮ ਪ੍ਰਕਾਸ਼, ਵਾਸੀ ਤਪਾ, ਫਲਾਂ ਵਾਲੇ ਬੱਸ ਸਟੈਂਡ ਵਿਖੇ ਆਪਣੀ ਰੇਹੜੀ ਲਗਾ ਕੇ ਫਲ ਵੇਚਦਾ ਹੈ। ਇਸ ਦੌਰਾਨ ਇੱਕ ਅਣਪਛਾਤਾ ਨੌਜਵਾਨ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੇ ਪੀਟੀਐੱਮ ਬਾਕਸ ਦੀ ਕੇਵਾਈਸੀ ਕਰਨੀ ਹੈ, ਇਸ ਲਈ ਆਪਣਾ ਮੋਬਾਈਲ ਫੋਨ ਦਿਓ। ਨੌਜਵਾਨ ਦੀਆਂ ਗੱਲਾਂ ਵਿੱਚ ਆ ਕੇ ਬ੍ਰਿਜੇਸ਼ ਕੁਮਾਰ ਨੇ ਆਪਣਾ ਮੋਬਾਈਲ ਉਸ ਦੇ ਹਵਾਲੇ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਨੇ ਮੋਬਾਈਲ ਵਿੱਚ ਗੂਗਲ ਐਪ ਨਾਲ ਸਬੰਧਤ ਕਾਰਵਾਈ ਕੀਤੀ ਅਤੇ ਐਪ ਡਿਲੀਟ ਕਰਕੇ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਪੀੜਤ ਨੇ ਮੁੜ ਐਪ ਡਾਊਨਲੋਡ ਕਰਕੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 5 ਹਜ਼ਾਰ ਰੁਪਏ ਗਾਇਬ ਸਨ। ਪੀੜਤ ਤੁਰੰਤ ਪੰਜਾਬ ਨੈਸ਼ਨਲ ਬੈਂਕ ਪਹੁੰਚਿਆ ਅਤੇ ਬੈਂਕ ਅਧਿਕਾਰੀਆਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਖਾਤੇ ਦੀ ਜਾਂਚ ਦੌਰਾਨ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵੱਲੋਂ ਉਸ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਪੀੜਤ ਵੱਲੋਂ ਇਸ ਸਬੰਧੀ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਗਈ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਇਸ ਘਟਨਾ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਿਸੇ ਵੀ ਅਣਜਾਣ ਵਿਅਕਤੀ ਨੂੰ ਕੇਵਾਈਸੀ, ਪੀਟੀਐੱਮ ਬਾਕਸ ਚਾਲੂ ਕਰਨ ਜਾਂ ਕਿਸੇ ਹੋਰ ਬਹਾਨੇ ਨਾਲ ਆਪਣਾ ਮੋਬਾਈਲ ਫੋਨ ਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸੇ ਨਾਲ ਵੀ ਆਪਣੀ ਬੈਂਕ ਸਬੰਧੀ ਜਾਣਕਾਰੀ, ਓਟੀਪੀ, ਪਾਸਵਰਡ ਜਾਂ ਹੋਰ ਗੁਪਤ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।