- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਤਲ ਮਾਮਲੇ ’ਚ ਚਾਰ ਗ੍ਰਿਫ਼ਤਾਰ, ਤਿੰਨ ਦਿਨ ਦਾ ਪੁਲਿਸ ਰਿਮਾਂਡ

ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਥਾਣਾ ਸਿਟੀ ਅਹਿਮਦਗੜ੍ਹ ਦੀ ਪੁਲਿਸ ਨੇ ਜੰਡਾਲੀ ਕਲਾਂ ਵਿਖੇ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਥਿਤ ਤੌਰ ’ਤੇ ਵਾਰਦਾਤ ਵਿੱਚ ਵਰਤੀ ਸਵਿਫਟ ਡਿਜ਼ਾਇਰ ਕਾਰ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਐਸਪੀ (ਡੀ) ਰਮਨਦੀਪ ਸਿੰਘ ਨੇ ਦੱਸਿਆ 28 ਅਗਸਤ ਨੂੰ ਕਰਮਜੀਤ ਸਿੰਘ ਵਾਸੀ ਜੰਡਾਲੀ ਕਲਾਂ ਦੇ ਬਿਆਨ ’ਤੇ ਅਮਨਦੀਪ ਸਿੰਘ ਉਰਫ਼ ਅਮਨਾ, ਉਸ ਦੇ ਪਿਤਾ ਬਲਵਿੰਦਰ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਕਰਮਜੀਤ ਸਿੰਘ ਦੇ ਬਿਆਨ ’ਤੇ ਰਮਜਾਨ ਮੁਹੰਮਦ ਉਰਫ਼ ਮਾਨ, ਰਫਾਨ ਖ਼ਾਨ ਅਤੇ ਸਾਹਿਲ ਖ਼ਾਨ ਉਰਫ਼ ਸੈਲੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ।
ਪੁਲਿਸ ਮੁਤਾਬਕ 30 ਅਗਸਤ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਅਮਨਦੀਪ ਸਿੰਘ, ਰਮਜਾਨ ਮੁਹੰਮਦ, ਰਫਾਨ ਖ਼ਾਨ ਅਤੇ ਸਾਹਿਲ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਕਤਲ ਪਿੱਛੇ ਰੰਜਿਸ਼ ਦਾ ਕਾਰਨ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮਾਮਲਾ ਮ੍ਰਿਤਕ ਮਨਪ੍ਰੀਤ ਸਿੰਘ ਦੀ ਪਤਨੀ ਨਾਲ ਅਮਨਦੀਪ ਸਿੰਘ ਦੇ ਕਥਿਤ ਪ੍ਰੇਮ ਸਬੰਧਾਂ ਕਾਰਨ ਪੈਦਾ ਹੋਈ ਤਕਰਾਰ ਨਾਲ ਜੁੜਿਆ ਹੋਇਆ ਹੈ।
ਪੁਲਿਸ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮਾਮਲੇ ਵਿੱਚ ਬਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਇਸ ਮੁਹਿੰਮ ਵਿਚ ਉਪ ਕਪਤਾਨ ਪੁਲਿਸ ਅਹਿਮਦਗੜ੍ਹ ਇੰਦਰਪਾਲ ਚੌਹਾਨ, ਥਾਣਾ ਸਿਟੀ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਬਲੋਰ ਸਿੰਘ ਅਤੇ ਸੀਆਈਏ ਮਾਹੋਰਾਣਾ ਦੇ ਇੰਚਾਰਜ ਹਰਜਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ।