- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲੇ 'ਚ ਮਿਲਾਵਟਖੋਰਾਂ 'ਤੇ ਫੂਡ ਸੇਫਟੀ ਟੀਮ ਦਾ ਡੰਡਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਦਿਵਾਲੀ ਤੇ ਦੁਸਹਿਰੇ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਚੰਦ ਛਿੱਲੜਾਂ ਦੀ ਖ਼ਾਤਰ ਲੋਕਾਂ ਦੀਆਂ ਜਿੰਦੜੀਆਂ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਦੇ ਧੰਦੇ ਚੋਖੇ ਚੱਲਣ ਲੱਗ ਪਏ ਨੇ। ਏਸੇ ਲੜੀ ਤਹਿਤ ਅੱਜ ਫੂਡ ਸੇਫਟੀ ਵਿਭਾਗ ਬਰਨਾਲਾ ਨੇ ਵੱਡੀ ਕਾਰਵਾਈ ਕਰਦਿਆਂ ਤਰਕਸ਼ੀਲ ਚੌਕ ਨੇੜੇ ਇੱਕ ਕੋਲਡ ਸਟੋਰ ’ਚੋਂ ਦੋ ਕੁਇੰਟਲ ਉੱਲੀ ਲੱਗੀ ਖਰਾਬ ਖੋਆ ਬਰਫ਼ੀ ਫੜ ਕੇ ਜ਼ਬਤ ਕੀਤੀ ਹੈ। ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕੋਲਡ ਸਟੋਰ ’ਚ ਅੱਗੇ ਲੋਕਾਂ ਨੂੰ ਵੇਚਣ ਲਈ ਵੱਡੀ ਮਾਤਰਾ ’ਚ ਖਰਾਬ ਬਰਫ਼ੀ ਲੁਕਾ ਕੇ ਰੱਖੀ ਹੋਈ ਹੈ। ਮੌਕੇ 'ਤੇ ਪਹੁੰਚ ਕੇ ਜਦੋਂ ਪੜਤਾਲ ਕੀਤੀ ਤਾਂ ਬਾਜਾਖਾਨਾ ਰੋਡ ’ਤੇ ਸਥਿਤ ‘ਕਾਰਤਿਕ ਸਵੀਟਸ’ ਦੀ 2 ਕੁਇੰਟਲ ਖੋਆ ਬਰਫ਼ੀ ਪਈ ਮਿਲੀ, ਜਿਸ ’ਤੇ ਬੁਰੇ ਤਰੀਕੇ ਨਾਲ ਉੱਲੀ ਲੱਗੀ ਹੋਈ ਸੀ। ਟੀਮ ਨੇ ਦੁਕਾਨਦਾਰ ਦੀ ਹਾਜ਼ਰੀ ’ਚ ਸੈਂਪਲ ਭਰ ਲਏ ਨੇ ਤੇ ਬਾਕੀ ਦੀ ਖਰਾਬ ਬਰਫ਼ੀ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ। ਅਫ਼ਸਰ ਮੁਤਾਬਕ ਸੈਂਪਲਾਂ ਦੀ ਰਿਪੋਰਟ 14 ਦਿਨਾਂ ’ਚ ਆਵੇਗੀ, ਜਿਸ ਤੋਂ ਬਾਅਦ ਦੁਕਾਨਦਾਰ ’ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
--ਦੁਕਾਨਦਾਰ ਕੋਲ ਨਹੀਂ ਸੀ ਕੋਈ ਜਵਾਬ
ਕੋਲਡ ਸਟੋਰ ’ਚ ਕਾਰਵਾਈ ਕਰਨ ਤੋਂ ਬਾਅਦ ਜਦੋਂ ਫੂਡ ਸੇਫਟੀ ਟੀਮ ਬਾਜਾਖਾਨਾ ਚੌਂਕ ਸਥਿਤ ‘ਕਾਰਤਿਕ ਸਵੀਟਸ’ ਦੀ ਦੁਕਾਨ ’ਤੇ ਚੈਕਿੰਗ ਕਰਨ ਪਹੁੰਚੀ, ਤਾਂ ਕਵਰੇਜ ਕਰਨ ਤੂੰ ਰੋਕ ਰਹੇ ਦੁਕਾਨਦਾਰ ਕੋਲ ਖਰਾਬ ਮਠਿਆਈ ਦੇ ਮੁੱਦੇ 'ਤੇ ਕੋਈ ਜਵਾਬ ਨਹੀਂ ਸੀ ਉਹ ਮੀਡੀਆ ਦੇ ਕੈਮਰਿਆਂ ਅੱਗੇ ਆਉਣ ’ਤੇ ਵੀ ਰੋਹ ਭਰੇ ਅੰਦਾਜ਼ ’ਚ ਰਿਹਾ।
--ਘੱਟ ਪੈਸਿਆਂ ਦੇ ਲਾਲਚ ’ਚ ਨਾ ਆਉਣ ਲੋਕ: ਅਧਿਕਾਰੀ
ਫੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀ ਵਿਭਾਗ ਨੇ 600 ਕਿੱਲੋ ਨਕਲੀ/ਖ਼ਰਾਬ ਪਨੀਰ ਫੜਿਆ ਸੀ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ’ਚ ਸਸਤੀਆਂ ਮਠਿਆਈਆਂ ਜਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਲਾਲਚ 'ਚ ਆ ਕੇ ਆਪਣੀ ਸਿਹਤ ਦਾ ਨੁਕਸਾਨ ਨਾ ਕਰਵਾਉਣ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਮਿਲਾਵਟਖੋਰਾਂ ਖ਼ਿਲਾਫ਼ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲਿਆਂ 'ਤੇ ਨੱਥ ਪਾਈ ਜਾ ਸਕੇ।