- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰਾਂ ਦੀ ਸੁੰਦਰਤਾ ਵਧਾ ਰਹੇ ਫੁੱਲਾਂ ਦੇ ਪੌਦੇ, ਨਰਸੀਆਂ ’ਚ ਖੂਬ ਵਿਕ ਰਹੇ

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਸਰਦੀ ਵਿੱਚ ਉੱਗਣ ਵਾਲੇ ਬੂਚਿਆਂ ਦੀਆਂ ਨਰਸਰੀਆਂ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲਦਾਰ ਬੂਟਿਆਂ ਦੀ ਭਰਮਾਰ ਹੋ ਜਾਂਦੀ ਹੈ। ਇਨ੍ਹੀਂ ਦਿਨੀਂ ਸ਼ਹਿਰ ਦੀਆਂ ਵੱਖ-ਵੱਖ ਨਰਸਰੀਆਂ ਵਿੱਚ ਰੰਗ-ਬਿਰੰਗੇ ਫੁੱਲ ਦੇਣ ਵਾਲੇ ਬੂਟੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਘਰਾਂ ਵਿੱਚ ਲਾਉਣ ਲਈ ਕਾਫ਼ੀ ਮੰਗ ਹੈ। ਸ਼ਹਿਰ ਵਾਸੀ ਸਰਦੀਆਂ ਦੇ ਬੂਟਿਆਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ।
ਇਸ ਦੌਰਾਨ ਇੱਕ ਦਿਲਚਸਪ ਗੱਲ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਮਾਪੇ ਖੁਦ ਬੱਚਿਆਂ ਦਾ ਮੋਬਾਈਲ ਸਕ੍ਰੀਨ ਟਾਈਮ ਘਟਾ ਕੇ ਉਨ੍ਹਾਂ ਨੂੰ ਕੁਦਰਤ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਹ ਤਣਾਅ ਮੁਕਤ ਰਹਿ ਕੇ ਪੜ੍ਹਾਈ ਕਰ ਸਕਣ। ਇਹ ਪੌਦੇ ਜਿੱਥੇ ਵਾਤਾਵਰਣ ਦੇ ਲਿਹਾਜ਼ ਨਾਲ ਆਕਸੀਜਨ ਦੇਣ ਵਿੱਚ ਸਹਾਇਕ ਮੰਨੇ ਜਾਂਦੇ ਹਨ, ਉੱਥੇ ਹੀ ਆਪਣੀ ਖੁਸ਼ਬੂ ਅਤੇ ਸੁੰਦਰਤਾ ਨਾਲ ਘਰ ਦੀ ਰੌਣਕ ਵੀ ਵਧਾਉਂਦੇ ਹਨ।
ਸ਼ਹਿਰ ਦੀ ਇੱਕ ਨਿੱਜੀ ਨਰਸਰੀ ਵਿੱਚ ਬੂਟੇ ਅਤੇ ਗਮਲੇ ਖਰੀਦਣ ਪੁੱਜੀ ਪੁਸ਼ਪਾ ਦੇਵੀ ਅਤੇ ਉਨ੍ਹਾਂ ਦੇ ਪਤੀ ਬਿਮਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਦਫ਼ਤਰ ਦੇ ਕੰਮਾਂ ਵਿੱਚ ਬੀਤ ਜਾਂਦਾ ਹੈ, ਜਦਕਿ ਉਨ੍ਹਾਂ ਦੀ ਪਤਨੀ ਘਰੇਲੂ ਕੰਮਕਾਜ ਵਿੱਚ ਰੁੱਝੀ ਰਹਿੰਦੀ ਹੈ। ਇਸ ਕਾਰਨ ਉਹ ਬੱਚਿਆਂ ਨੂੰ ਘੱਟ ਸਮਾਂ ਦੇ ਪਾਉਂਦੇ ਹਨ। ਅਜਿਹੇ ਵਿੱਚ ਕਿਤੇ ਨਾ ਕਿਤੇ ਉਨ੍ਹਾਂ ਦਾ ਕੁਦਰਤ ਨਾਲ ਰਿਸ਼ਤਾ ਵੀ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਸਰਦੀਆਂ ਵਿੱਚ ਪੌਦੇ ਲਾਉਂਦੇ ਹਨ। ਇਸ ਵਾਰ ਵੀ ਘਰ ਦੀ ਛੱਤ ਅਤੇ ਵਿਹੜੇ ਵਿੱਚ ਪੌਦੇ ਲਾਉਣ ਲਈ ਗਮਲੇ ਖਰੀਦਣ ਆਏ ਹਨ।
--------
ਬੱਚੇ ਕਰਨਗੇ ਬੂਟਿਆਂ ਦੀ ਦੇਖਭਾਲ
ਨਰਸਰੀ ਵਿੱਚ ਪਹੁੰਚੀਆਂ ਸੰਗਰੂਰ ਦੀਆਂ ਸ਼ਾਂਤੀ ਦੇਵੀ, ਮੀਨਾਕਸ਼ੀ, ਕਾਂਤਾ ਗੋਇਲ ਆਦਿ ਨੇ ਦੱਸਿਆ ਕਿ ਮੋਬਾਈਲ ਦੀ ਸਕ੍ਰੀਨ ’ਤੇ ਜ਼ਿਆਦਾ ਸਮਾਂ ਬਿਤਾਉਣ ਕਾਰਨ ਛੋਟੇ ਬੱਚਿਆਂ ਦੀਆਂ ਅੱਖਾਂ ਵਿੱਚ ਲਾਲੀ, ਸਿਰਦਰਦ, ਭਾਰੀਪਣ ਅਤੇ ਅੱਖਾਂ ਵਿੱਚ ਖੁਸ਼ਕੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਅਜਿਹੇ ਵਿੱਚ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖ ਕੇ ਪੌਦਿਆਂ ਰਾਹੀਂ ਕੁਦਰਤ ਨਾਲ ਜੋੜਨਾ ਵਧੇਰੇ ਬਿਹਤਰ ਹੈ।
ਇਸੇ ਸੋਚ ਤਹਿਤ ਮਾਪੇ ਆਪਣੇ ਘਰਾਂ ਵਿੱਚ ਬੂਟੇ ਲਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਬੱਚਿਆਂ ਦਾ ਧਿਆਨ ਮੋਬਾਈਲ ਦੀ ਬਜਾਏ ਆਪਣੇ ਲਾਏ ਬੂਟਿਆਂ ਦੀ ਦੇਖਭਾਲ ਵੱਲ ਲੱਗੇਗਾ ਅਤੇ ਉਨ੍ਹਾਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਹੋਵੇਗੀ।
-------
20 ਤੋਂ 300 ਰੁਪਏ ਤੱਕ ਹਨ ਪੌਦਿਆਂ ਦੇ ਭਾਅ
ਨਰਸਰੀਆਂ ਵਿੱਚ ਫੁੱਲ ਦੇਣ ਵਾਲੇ ਪੌਦਿਆਂ ਦੀ ਕੀਮਤ 20 ਰੁਪਏ ਤੋਂ ਲੈ ਕੇ 300 ਰੁਪਏ ਤੱਕ ਹੈ। ਆਮ ਫੁੱਲਦਾਰ ਪੌਦਿਆਂ ਵਿੱਚ ਗੇਂਦਾ 5 ਰੁਪਏ ਪ੍ਰਤੀ ਪੌਦਾ, ਤੁਲਸੀ 50 ਰੁਪਏ, ਗੁੜਹਲ 80 ਰੁਪਏ ਅਤੇ ਸਦਾਬਹਾਰ 40 ਰੁਪਏ ਵਿੱਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗੁਲਦਾਉਦੀ, ਕੈਲੰਡੁਲਾ, ਸਾਲਵੀਆ, ਪਿਟੂਨੀਆ, ਜਰਬੇਰਾ ਅਤੇ ਡਾਇਐਂਥਸ ਵਰਗੇ ਫੁੱਲਦਾਰ ਪੌਦੇ ਵੀ ਆਪਣੇ ਖੂਬਸੂਰਤ ਫੁੱਲਾਂ ਨਾਲ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ।
-----------
ਇਸ ਤਰ੍ਹਾਂ ਕਰੋ ਬੂਟਿਆਂ ਦੀ ਬਿਜਾਈ ਅਤੇ ਦੇਖਭਾਲ
ਕੋਈ ਵੀ ਬੂਟਾ ਲਾਉਣ ਤੋਂ ਪਹਿਲਾਂ ਨਦੀਨ ਰਹਿਤ, ਨਮੀ ਵਾਲੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਿੱਟੀ ਦੀ ਚੋਣ ਕਰਨੀ ਚਾਹੀਦੀ ਹੈ। ਇਸ ਮਿੱਟੀ ਨੂੰ ਗਮਲੇ ਵਿੱਚ ਭਰ ਕੇ ਪਾਣੀ ਪਾ ਦਿਓ। ਜਦੋਂ ਮਿੱਟੀ ਭੁਰਭੁਰੀ ਹੋ ਜਾਵੇ ਤਾਂ ਇਸ ਵਿੱਚ ਪੌਦਾ ਲਗਾਓ।
ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ। ਫੁੱਲਦਾਰ ਬੂਟਿਆਂ ਨੂੰ ਅਜਿਹੀ ਥਾਂ ਰੱਖੋ ਜਿੱਥੇ ਉਨ੍ਹਾਂ ਨੂੰ ਸਿੱਧੀ ਧੁੱਪ ਮਿਲ ਸਕੇ। ਛਾਂ ਵਿੱਚ ਰੱਖਣ ਨਾਲ ਬੂਟਿਆਂ 'ਤੇ ਕੀੜਿਆਂ ਦਾ ਹਮਲਾ ਹੋ ਸਕਦਾ ਹੈ, ਜਿਸ ਕਾਰਨ ਉਹ ਸੁੱਕ ਵੀ ਸਕਦੇ ਹਨ। ਹਰ 15 ਦਿਨਾਂ ਬਾਅਦ ਪੌਦਿਆਂ ਵਿੱਚ ਚੰਗੀ ਤਰ੍ਹਾਂ ਗਲੀ-ਸੜੀ ਗੋਬਰ ਦੀ ਖਾਦ ਜ਼ਰੂਰ ਪਾਉਣੀ ਚਾਹੀਦੀ ਹੈ।