- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਨਿਗਮ ਦੀ ਪਹਿਲੀ ਇਤਿਹਾਸਕ ਬੈਠਕ 16 ਜੁਲਾਈ ਨੂੰ

- ਕਰੋੜਾਂ ਦੇ ਵਿਕਾਸ ਕਾਰਜਾਂ ’ਤੇ ਲੱਗੇਗੀ ਮੋਹਰ
- ਸੇਵਾ ਸਿੰਘ ਠੀਕਰੀਵਾਲਾ ਚੌਕ ’ਚ 1.96 ਕਰੋੜ ਦੀ ਲਾਗਤ ਨਾਲ ਬਣੂਗਾ ਨਵਾਂ ਅਤਿ-ਆਧੁਨਿਕ ਫਾਇਰ ਸਟੇਸ਼ਨ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਸਰਕਾਰ ਵੱਲੋਂ ਆਪਣੇ ਬਰਨਾਲੇ ਨੂੰ ਨਗਰ ਨਿਗਮ ਦਾ ਦਰਜਾ ਦੇਣ ’ਤੇ ਜੂਨ 2026 ’ਚ ਨਵੇਂ ਹਾਊਸ ਦੇ ਗਠਨ ਤੋਂ ਬਾਅਦ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਵਾਸਤੇ ਪਹਿਲੀ ਇਤਿਹਾਸਕ ਹਾਊਸ ਮੀਟਿੰਗ ਆਉਂਦੀ 16 ਜੁਲਾਈ 2026 ਨੂੰ ਹੋਣ ਜਾ ਰਹੀ ਹੈ। ਮੇਅਰ ਹਸਨਪ੍ਰੀਤ ਭਾਰਦਵਾਜ ਦੇ ਹੁਕਮਾਂ ਮੁਤਾਬਿਕ ਇਹ ਬੜੀ ਅਹਿਮ ਬੈਠਕ ਨਗਰ ਨਿਗਮ ਦਫ਼ਤਰ ਵਿਖੇ ਬਣੀ ਸ਼੍ਰੀ ਰਾਮ ਸਰੂਪ ਅਣਖੀ ਲਾਇਬ੍ਰੇਰੀ ’ਚ ਸੱਦੀ ਗਈ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਇਸ ਮੀਟਿੰਗ ਦਾ ਏਜੰਡਾ ਸਬੰਧਿਤ ਸਭ ਨੂੰ ਭੇਜ ਦਿੱਤਾ ਗਿਆ ਹੈ। ਇਸ ਇਤਿਹਾਸਕ ਬੈਠਕ ’ਚ ਵਿੱਤੀ ਵਰ੍ਹੇ 2026-27 ਲਈ ਕਰੋੜਾਂ ਰੁਪਏ ਦੇ ਬਜਟ ਨੂੰ ਹਰੀ ਝੰਡੀ ਦੇਣ ਦੇ ਨਾਲ-ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ, ਸਿਹਤ ਸੁਰੱਖਿਆ ਤੇ ਲੋਕਾਂ ਦੀਆਂ ਸਹੂਲਤਾਂ ਨਾਲ ਜੁੜੇ ਕੁੱਲ 16 ਅਹਿਮ ਮੁੱਦਿਆਂ ’ਤੇ ਆਖਰੀ ਫ਼ੈਸਲਾ ਲਿਆ ਜਾਊਗਾ। ਐਤਕੀਂ ਪੂਰੇ ਸ਼ਹਿਰ ਦੀਆਂ ਨਜ਼ਰਾਂ ਇਸ ਬੈਠਕ ’ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਨਿਗਮ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੌਂਸਲਰਾਂ ਤੇ ਅਧਿਕਾਰੀਆਂ ਦਾ ਹਾਊਸ ਸ਼ਹਿਰ ਦੇ ਵਿਕਾਸ ਦਾ ਨਵਾਂ ਨਕਸ਼ਾ ਤਿਆਰ ਕਰੂਗਾ।
-ਭੀੜ-ਭੜੱਕੇ ਤੋਂ ਮਿਲੂਗੀ ਮੁਕਤੀ : ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਬਣੇਗਾ ਨਵਾਂ ਫਾਇਰ ਸਟੇਸ਼ਨ
ਇਸ ਪਹਿਲੀ ਹਾਊਸ ਮੀਟਿੰਗ ਦਾ ਸਭ ਤੋਂ ਵੱਡਾ ਤੇ ਲੋਕਾਂ ਦੇ ਹਿੱਤ ਵਾਲਾ ਏਜੰਡਾ ਸ਼ਹਿਰ ਨੂੰ ਇੱਕ ਨਵਾਂ ਤੇ ਅਤਿ-ਆਧੁਨਿਕ ਫਾਇਰ ਸਟੇਸ਼ਨ ਦੇਣਾ ਹੈ। ਅੱਜ ਕੱਲ੍ਹ ਬਰਨਾਲੇ ਦਾ ਫਾਇਰ ਸਟੇਸ਼ਨ ਰਾਮ ਬਾਗ ਰੋਡ ’ਤੇ ਹੈ, ਜਿਹੜਾ ਬੜਾ ਭੀੜਾ ਤੇ ਭਾਰੀ ਟ੍ਰੈਫਿਕ ਵਾਲਾ ਇਲਾਕਾ ਹੈ। ਸ਼ਹਿਰ ’ਚ ਕਿਤੇ ਵੀ ਅੱਗ ਲੱਗਣ ਦੀ ਘਟਨਾ ਹੋਜੇ ਤਾਂ ਤੰਗ ਰਸਤਿਆਂ ਤੇ ਟ੍ਰੈਫਿਕ ਜਾਮ ਕਰ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲੰਘਣ ’ਚ ਬੜੀ ਮੁਸ਼ੱਕਤ ਕਰਨੀ ਪੈਂਦੀ ਸੀ, ਜਿਸ ਕਰ ਕੇ ਜਾਨ-ਮਾਲ ਦੇ ਨੁਕਸਾਨ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਦਿਆਂ ਨਗਰ ਨਿਗਮ ਨੇ ਸੇਵਾ ਸਿੰਘ ਠੀਕਰੀਵਾਲਾ ਚੌਕ ਸਥਿਤ ਆਪਣੀ 2 ਬੀਘੇ ਖੁੱਲ੍ਹੀ ਜ਼ਮੀਨ ’ਤੇ ਨਵਾਂ ਫਾਇਰ ਸਟੇਸ਼ਨ ਬਣਾਉਣ ਦਾ ਮਾਸਟਰ ਪਲਾਨ ਤਿਆਰ ਕੀਤਾ ਹੈ। ਇਸ ਨਵੇਂ ਫਾਇਰ ਸਟੇਸ਼ਨ ਦੇ ਨਿਰਮਾਣ ’ਤੇ ਲਗਭਗ 196.00 ਲੱਖ ਰੁਪਏ (1.96 ਕਰੋੜ ਰੁਪਏ) ਖ਼ਰਚ ਹੋਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਲਈ 15ਵੇਂ ਵਿੱਤ ਕਮਿਸ਼ਨ ਤਹਿਤ 189.77 ਲੱਖ ਰੁਪਏ ਦੀ ਗ੍ਰਾਂਟ ਪਹਿਲਾਂ ਈ ਮਿਲ ਚੁੱਕੀ ਹੈ। ਬਾਕੀ ਰਹਿੰਦੀ ਰਕਮ ਨਗਰ ਨਿਗਮ ਆਪਣੇ ਅੰਦਰੂਨੀ ਫੰਡਾਂ ’ਚੋਂ ਖ਼ਰਚੇਗਾ। ਮੁੱਖ ਚੌਕ ’ਤੇ ਫਾਇਰ ਸਟੇਸ਼ਨ ਬਣਨ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸ਼ਹਿਰ ਦੇ ਕਿਸੇ ਵੀ ਕੋਨੇ ’ਚ ਜਾਂ ਬਾਹਰਲੇ ਹਾਈਵੇਅ ’ਤੇ ਤੁਰੰਤ ਪਹੁੰਚਣ ਲਈ ਖੁੱਲ੍ਹਾ ਰਸਤਾ ਮਿਲੇਗਾ। ਇਹ ਕਦਮ ਆਉਣ ਵਾਲੇ ਸਮੇਂ 'ਚ ਬਰਨਾਲੇ ਦੇ ਲੋਕਾਂ ਦੀ ਸੁਰੱਖਿਆ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
- ਨਿਗਮ ਦਾ ਪਹਿਲਾ ਬਜਟ : 54.07 ਕਰੋੜ ਦੀ ਕੁੱਲ ਰਾਸ਼ੀ ਨਾਲ ਸੰਵਰੂਗਾ ਬਰਨਾਲਾ
ਨਗਰ ਨਿਗਮ ਦੀ ਇਸ ਪਲੇਠੀ ਮੀਟਿੰਗ ਵਿਸ਼ੇਸ਼ ਬਜਟ ਇਜਲਾਸ ਨਾਲ ਹੋਵੇਗੀ, ਜਿਸ ’ਚ ਲੇਖਾ ਸ਼ਾਖਾ ਵੱਲੋਂ ਤਿਆਰ ਕੀਤੇ ਵਿੱਤੀ ਵਰ੍ਹੇ 2026-27 ਦੇ ਬਜਟ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਨਗਰ ਨਿਗਮ ਬਣਨ ਤੋਂ ਬਾਅਦ ਇਹ ਪਹਿਲਾ ਅਧਿਕਾਰਤ ਵਿੱਤੀ ਖਾਕਾ ਹੈ। ਬਜਟ ਵੇਰਵਾ (ਵਿੱਤੀ ਵਰ੍ਹਾ 2026-27) ਰਕਮ (ਲੱਖ ਰੁਪਏ ’ਚ) ਸ਼ੁਰੂਆਤੀ ਅਨੁਮਾਨਿਤ ਬਾਕੀ ਰਾਸ਼ੀ (01-04-2026) 867.55 ਲੱਖ ਰੁਪਏ ਸਾਲ 2026-27 ਲਈ ਪ੍ਰਸਤਾਵਿਤ ਆਮਦਨ 4540.00 ਲੱਖ ਰੁਪਏ ਕੁੱਲ ਉਪਲਬਧ ਬਜਟ ਰਾਸ਼ੀ 5407.55 ਲੱਖ ਰੁਪਏ (54.07 ਕਰੋੜ ਰੁਪਏ) ਸਾਲ 2026-27 ਲਈ ਪ੍ਰਸਤਾਵਿਤ ਵਿਕਾਸ ਖ਼ਰਚ 4535.50 ਲੱਖ ਰੁਪਏ ਆਖਰੀ ਅਨੁਮਾਨਿਤ ਬਾਕੀ ਰਾਸ਼ੀ (31-03-2027) 872.05 ਲੱਖ ਰੁਪਏ ਇਸ ਬਜਟ ਦਾ ਇੱਕ ਵੱਡਾ ਹਿੱਸਾ ਸ਼ਹਿਰ ਦੀਆਂ ਗਲੀਆਂ, ਲਾਈਟਾਂ, ਪਾਰਕਾਂ ਤੇ ਸਫ਼ਾਈ ਵਿਵਸਥਾ ਨੂੰ ਲਿਸ਼ਕਾਉਣ ’ਤੇ ਖ਼ਰਚਿਆ ਜਾਵੇਗਾ। ਬਜਟ ਬੈਠਕ ਤੋਂ ਤੁਰੰਤ ਬਾਅਦ ਸਾਧਾਰਨ ਹਾਊਸ ਮੀਟਿੰਗ ਸ਼ੁਰੂ ਹੋਊਗੀ।
- ਸ਼ਹਿਰ ਦੇ ਵਿਕਾਸ ਤੇ ਲੋਕ ਸਹੂਲਤਾਂ ਨਾਲ ਜੁੜੇ ਹੋਰ ਵੱਡੇ ਫ਼ੈਸਲੇ
1. ਪੀਣ ਵਾਲੇ ਪਾਣੀ ਦੀ ਕਿੱਲਤ ਹੋਵੇਗੀ ਦੂਰ : ਸ਼ਹਿਰ ਦੇ ਪਿਆਰਾ ਕeਲੋਨੀ ਤੇ ਸ਼ਹੀਦ ਭਗਤ ਸਿੰਘ ਪਾਰਕ ਦੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ’ਚ ਪਿਛਲੇ ਕਾਫ਼ੀ ਸਮੇਂ ਤੋਂ ਪਾਣੀ ਦੀ ਕਿੱਲਤ ਚੱਲ ਰਹੀ ਹੈ। ਪੁਰਾਣੇ ਟਿਊਬਵੈੱਲਾਂ ਦੀ ਸਮਰੱਥਾ ਘਟਣ ਕਰ ਕੇ ਲੋਕਾਂ ਨੂੰ ਆ ਰਹੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹਾਊਸ ਮੀਟਿੰਗ ’ਚ ਨਵੇਂ ਟਿਊਬਵੈੱਲ ਲਗਾਉਣ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਸ ਨੂੰ ਮਨਜ਼ੂਰੀ ਮਿਲਦਿਆਂ ਈ ਪ੍ਰਭਾਵਿਤ ਇਲਾਕਿਆਂ ’ਚ ਬਿਨਾਂ ਰੁਕਾਵਟ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਵੇਗੀ।
2. ਵਿਕਾਸ ਕਾਰਜਾਂ ’ਚ ਪਾਰਦਰਸ਼ਤਾ ਲਈ ‘ਥਰਡ ਪਾਰਟੀ ਆਡਿਟ’ ਨਗਰ ਨਿਗਮ ਦੇ ਫੰਡਾਂ ਦੀ ਸਹੀ ਵਰਤੋਂ ਹੋਵੇ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ, ਇਸ ਲਈ ਇੱਕ ਵੱਡਾ ਨੀਤੀਗਤ ਫ਼ੈਸਲਾ ਲਿਆ ਜਾ ਰਿਹਾ ਹੈ। ਹੁਣ ਸ਼ਹਿਰ ’ਚ 10 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸਾਰੇ ਵਿਕਾਸ ਕਾਰਜਾਂ ਦਾ ‘ਥਰਡ ਪਾਰਟੀ ਟੈਕਨੋ-ਫਾਈਨੈਂਸ਼ੀਅਲ ਆਡਿਟ’ ਲਾਜ਼ਮੀ ਕਰਿਆ ਜਾ ਰਿਹਾ ਹੈ। ਇਸ ਵਾਸਤੇ ਆਈਆਂ ਕੋਟੇਸ਼ਨਾਂ ’ਚੋਂ ਸਭ ਤੋਂ ਘੱਟ ਰੇਟ ਦੇਣ ਵਾਲੀ ਫਰਮ ਸ਼੍ਰੀਖੰਡੇ ਕੰਸਲਟੈਂਟ ਲਿਮ. ਦੇ ਰੇਟਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਜਿਸ ਨਾਲ ਜਨਤਾ ਦੇ ਪੈਸੇ ਦੀ ਬੱਚਤ ਹੋਵੇਗੀ।
3. ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਲਾਗੂ ਹੋਵੇਗਾ : ਸ਼ਹਿਰ ਨੂੰ ਕੂੜਾ-ਮੁਕਤ ਤੇ ਸਾਫ਼-ਸੁਥਰਾ ਬਣਾਉਣ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਨੂੰ ਬਰਨਾਲੇ |ਚ ਪੂਰੀ ਤਰ੍ਹਾਂ ਅਪਣਾਉਣ ਤੇ ਲਾਗੂ ਕਰਨ ਦੀ ਕਾਰਜਯੋਜਨਾ ਹਾਊਸ ਦੇ ਸਾਹਮਣੇ ਰੱਖੀ ਜਾਵੇਗੀ। ਇਸ ਦੇ ਤਹਿਤ ਘਰ-ਘਰ ਤੋਂ ਕੂੜਾ ਇਕੱਠਾ ਕਰਨ ਤੇ ਵਿਗਿਆਨਕ ਤਰੀਕੇ ਨਾਲ ਕੂੜੇ ਦੇ ਨਿਪਟਾਰੇ ਨੂੰ ਕਾਨੂੰਨੀ ਅਮਲੀਜਾਮਾ ਪਹਿਨਾਇਆ ਜਾਊਗਾ। ਲੋਕਾਂ ਦੀ ਸਿਹਤ ਤੇ ਸਹੂਲਤਾਂ 'ਤੇ ਫੋਕਸ ਮੱਛਰਾਂ ਖ਼ਿਲਾਫ਼ ਮਹਾਂ-ਮੁਹਿੰਮ (ਫਾਗਿੰਗ) : ਮਾਨਸੂਨ ਦੇ ਮੌਸਮ ਤੇ ਬਿਮਾਰੀਆਂ ਦੇ ਖ਼ਤਰੇ ਨੂੰ ਦੇਖਦਿਆਂ ਸੈਨੀਟੇਸ਼ਨ ਸ਼ਾਖਾ ਨੇ ਪੂਰੇ ਸ਼ਹਿਰ 'ਚ ਸੰਘਣੀ ਫਾਗਿੰਗ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਲਈ ਉੱਚ ਗੁਣਵੱਤਾ ਵਾਲੀ ਦਵਾਈ ਦੀ ਖ਼ਰੀਦ ਕੀਤੀ ਜਾਊਗੀ। ਬਾਜ਼ਾਰ ਰੇਟ (ਲਗਭਗ 2162/- ਰੁਪਏ ਪ੍ਰਤੀ ਲੀਟਰ) ਦੇ ਹਿਸਾਬ ਨਾਲ ਫਿਲਹਾਲ 150 ਲੀਟਰ ਦਵਾਈ ਖ਼ਰੀਦਣ ਲਈ 3,24,300/- ਰੁਪਏ ਦੇ ਖ਼ਰਚੇ ਨੂੰ ਮਨਜ਼ੂਰੀ ਦਿੱਤੀ ਜਾਊਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
- ਨਿਗਮ ਦਫ਼ਤਰ ’ਚ ਬਣੇਗਾ ਹੈਲਪ ਡੈਸਕ : ਆਮ ਲੋਕਾਂ ਨੂੰ ਨਗਰ ਨਿਗਮ ਨਾਲ ਜੁੜੇ ਕੰਮਾਂ (ਜਿਵੇਂ ਜਨਮ-ਮੌਤ ਸਰਟੀਫਿਕੇਟ, ਐੱਨਓਸੀ, ਟੈਕਸ ਜਮ੍ਹਾਂ ਕਰਵਾਉਣਾ ਆਦਿ) ਲਈ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ, ਇਸ ਵਾਸਤੇ ਪਰਿਸਰ ’ਚ ਇੱਕ ਸਮਰਪਿਤ ਹੈਲਪ ਡੈਸਕ ਸਥਾਪਿਤ ਕਰਿਆ ਜਾ ਰਿਹਾ ਹੈ। ਇੱਥੇ ਆਉਣ ਵਾਲੇ ਨਾਗਰਿਕਾਂ ਨੂੰ ਸਹੀ ਅਗਵਾਈ ਮਿਲੂਗੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋਵੇਗਾ।
- ਕਬਾੜ ਦੇ ਸਾਮਾਨ ਦੀ ਨਿਲਾਮੀ : ਨਿਗਮ ਦੇ ਡਿਪੂ ਵਿੱਚ ਸਾਲਾਂ ਤੋਂ ਧੂੜ ਚੱਟ ਰਹੇ ਕੰਡਮ ਸਾਮਾਨ (ਪੁਰਾਣੇ ਮੋਬਾਈਲ ਟਾਇਲਟ, ਸਪਰੇਅ ਪੰਪ, ਰਿਕਸ਼ਾ ਰੇਹੜੀਆਂ, ਪੁਰਾਣੇ ਟਰੈਕਟਰ ਬੰਪਰ ਤੇ ਸਟ੍ਰੀਟ ਲਾਈਟਾਂ) ਦੀ ਪਾਰਦਰਸ਼ੀ ਨਿਲਾਮੀ ਕਰਨ ਦੀ ਰਿਪੋਰਟ ਵੀ ਏਜੰਡੇ ’ਚ ਸ਼ਾਮਲ ਹੈ, ਜਿਸ ਨਾਲ ਨਿਗਮ ਨੂੰ ਕਮਾਈ ਹੋਵੇਗੀ ਤੇ ਜਗ੍ਹਾ ਵੀ ਸਾਫ਼ ਹੋਵੇਗੀ।
- ਨੀਤੀਗਤ ਫ਼ੈਸਲਿਆਂ ਲਈ 10 ਸਥਾਈ ਕਮੇਟੀਆਂ ਦਾ ਗਠਨ : ਹਾਊਸ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਬਿਨਾਂ ਦੇਰੀ ਮਨਜ਼ੂਰੀ ਦੇਣ ਲਈ ਪਹਿਲੀ ਵਾਰ ‘ਫਾਈਨਾਂਸ ਐਂਡ ਕੰਟਰੈਕਟ ਕਮੇਟੀ’ ਦਾ ਗਠਨ ਕਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਟ ਦੇ ਮੁਤਾਬਿਕ 10 ਪ੍ਰਮੁੱਖ ਸਟੈਂਡਿੰਗ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਸਿੱਧੇ ਲੋਕਾਂ ਨਾਲ ਜੁੜੇ ਵਿਭਾਗਾਂ ਜਿਵੇਂ ਕਿ ਵਾਟਰ ਸਪਲਾਈ ਐਂਡ ਸੀਵਰੇਜ, ਪਬਲਿਕ ਹੈਲਥ, ਰੋਡਜ਼ ਐਂਡ ਸਟ੍ਰੀਟ ਲਾਈਟਸ, ਸੈਨੀਟੇਸ਼ਨ, ਟਾਊਨ ਪਲੈਨਿੰਗ, ਐਨਵਾਇਰਨਮੈਂਟ ਤੇ ਡਿਜ਼ਾਸਟਰ ਮੈਨੇਜਮੈਂਟ ਦੀ ਨਿਗਰਾਨੀ ਕਰਨਗੀਆਂ। ਨਾਲ ਹੀ ਮਾਨਸੂਨ ਕਰਕੇ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਵਾਸਤੇ ਇੱਕ ਵਿਸ਼ੇਸ਼ ਐਡਹਾਕ ਕਮੇਟੀ (ਵੈਕਟਰ ਕੰਟਰੋਲ) ਵੀ ਗਠਿਤ ਹੋਵੇਗੀ। ਬਰਨਾਲੇ ਦੇ ਇਤਿਹਾਸ ਦੀ ਇਹ ਪਹਿਲੀ ਨਗਰ ਨਿਗਮ ਬੈਠਕ ਸ਼ਹਿਰ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ’ਚ ਮੀਲ ਪੱਥਰ ਸਾਬਤ ਹੋਣ ਵਾਲੀ ਹੈ।