- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਹਿਲ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਖੇਤਰੀ ਅਧਿਐਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵੱਲੋਂ ਵਿਦਿਆਰਥਣਾਂ ਨੂੰ ਪਿੰਡ ਪੱਧਰੀ ਲੋਕਤੰਤਰ ਅਤੇ ਪੰਚਾਇਤੀ ਰਾਜ ਪ੍ਰਣਾਲੀ ਦੀ ਕਾਰਜ-ਪ੍ਰਣਾਲੀ ਨਾਲ ਵਿਹਾਰਕ ਤੌਰ ’ਤੇ ਜਾਣੂ ਕਰਵਾਉਣ ਲਈ ਸਮੁਦਾਇ-ਅਧਾਰਿਤ ਅਨੁਭਵੀ ਸਿੱਖਿਆ ਅਧੀਨ ਪਿੰਡ ਗਹਿਲ (ਬਰਨਾਲਾ) ਵਿਖੇ ਖੇਤਰੀ ਅਧਿਐਨ, ਸਮtਦਾਇਕ ਸਰਵੇਖਣ ਅਤੇ ਅਕਾਦਮਿਕ ਵਿਚਾਰ-ਵਟਾਂਦਰੇ ਦੀ ਗਤੀਵਿਧੀ ਕਰਵਾਈ ਗਈ। ਸਰਕਾਰੀ ਹਾਈ ਸਕੂਲ, ਗਹਿਲ ਵਿਖੇ ਕਰਵਾਈ ਗਈ ਇਸ ਗਤੀਵਿਧੀ ਦੌਰਾਨ ਰਾਜਨੀਤੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਜਨਮੀਤ ਸਿੰਘ (ਡਾ.) ਵੱਲੋਂ ਪਿੰਡ ਦੇ ਸਰਪੰਚ ਬਲਵੀਰ ਸਿੰਘ ਮਾਨ, ਸਮੂਹ ਪੰਚਾਇਤ ਮੈਂਬਰ ਸਾਹਿਬਾਨ ਅਤੇ ਕਾਲਜ ਦੇ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਦਾ ਸਵਾਗਤ ਕਰਦਿਆਂ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਨੇ ਗਤੀਵਿਧੀ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਕਲਾਸਰੂਮ ’ਚ ਪ੍ਰਾਪਤ ਸਿਧਾਂਤਕ ਗਿਆਨ ਨੂੰ ਪਿੰਡ ਪੱਧਰੀ ਲੋਕਤੰਤਰ ਦੀ ਅਸਲ ਕਾਰਜ-ਪ੍ਰਣਾਲੀ ਨਾਲ ਜੋੜਨ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਉਨ੍ਹਾਂ ਵੱਲੋਂ ਪੰਚਾਇਤੀ ਰਾਜ ਪ੍ਰਣਾਲੀ ਦੀ ਕਾਰਜ-ਪ੍ਰਣਾਲੀ ਅਤੇ ਭਾਰਤੀ ਸੰਵਿਧਾਨ ਵਿੱਚ ਸਥਾਨਕ ਸਵੈ-ਸ਼ਾਸਨ ਨਾਲ ਸਬੰਧਤ ਸੰਵਿਧਾਨਕ ਉਪਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਵਿਦਿਆਰਥਣਾਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡ ਕੇ ਪੰਚਾਇਤ ਨਾਲ ਸਿੱਧਾ ਸੰਵਾਦ ਕਰਵਾਇਆ ਗਿਆ। ਵਿਦਿਆਰਥਣਾਂ ਨੇ ਸਰਪੰਚ ਬਲਵੀਰ ਸਿੰਘ ਮਾਨ ਤੇ ਪੰਚਾਇਤ ਮੈਂਬਰ ਸਾਹਿਬਾਨ ਕੋਲੋਂ ਪੰਚਾਇਤ ਦੇ ਕੰਮਕਾਜ, ਵਿਕਾਸ ਕਾਰਜਾਂ, ਗ੍ਰਾਮ ਸਭਾ, ਲੋਕਾਂ ਵਿਸ਼ੇਸ਼ ਕਰਕੇ ਇਸਤਰੀਆਂ ਦੀ ਭਾਗੀਦਾਰੀ ਤੇ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਨਾਲ ਸਬੰਧਤ ਸਰਵੇਖਣ-ਅਧਾਰਿਤ ਸਵਾਲ ਪੁੱਛੇ। ਸਰਪੰਚ ਤੇ ਪੰਚਾਇਤ ਮੈਂਬਰ ਸਾਹਿਬਾਨ ਵੱਲੋਂ ਇਨ੍ਹਾਂ ਸਵਾਲਾਂ ਦੇ ਵਿਸਥਾਰਪੂਰਵਕ ਤੇ ਤਸੱਲੀਬਖ਼ਸ਼ ਉੱਤਰ ਦਿੰਦਿਆਂ ਪੰਚਾਇਤ ਦੇ ਕੰਮਕਾਜ ਅਤੇ ਪਿੰਡ ਦੇ ਵਿਕਾਸ ਸਬੰਧੀ ਆਪਣੇ ਵਿਹਾਰਕ ਅਨੁਭਵ ਸਾਂਝੇ ਕੀਤੇ ਗਏ। ਉਨ੍ਹਾਂ ਨੇ ਸਰਪੰਚ ਬਲਵੀਰ ਸਿੰਘ ਮਾਨ, ਅਮਿ੍ਤਪਾਲ ਦੇਮ, ਚਮਕੌਰ ਸਿੰਘ, ਦਲਜੀਤ ਸਿੰਘ, ਕਰਮਜੀਤ ਸਿੰਘ ਮੈਂਬਰ ਸਾਹਿਬਾਨ ਤੇ ਸਕੂਲ ਦੇ ਪਿ੍ੰਸੀਪਲ ਦਲਜੀਤ ਕੌਰ ਦਾ ਇਸ ਗਤੀਵਿਧੀ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ।