ਹੱਕੀ ਮੰਗਾਂ ਨਾ ਮੰਨਣ 'ਤੇ ਅੱਕੇ ਡੀ.ਸੀ. ਦਫ਼ਤਰਾਂ ਦੇ ਕਾਮਿਆਂ ਨੇ ਖੋਲ੍ਹਿਆ ਮੋਰਚਾ, ਰੋਸ ਵਜੋਂ ਅਗਲੇ ਦੋ ਦਿਨ ਸਮੂਹਿਕ ਛੁੱਟੀ ਦਾ ਐਲਾਨ
1995 ਦੇ ਨਿਯਮਾਂ ਮੁਤਾਬਕ ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਨਵੀਆਂ ਅਸਾਮੀਆਂ ਸਿਰਜੀਆਂ ਜਾਣ। ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਦਾ ਕੋਟਾ ਵਧਾਇਆ ਜਾਵੇ, 5 ਫ਼ੀਸਦੀ ਪ੍ਰਸ਼ਾਸਕੀ ਭੱਤਾ ਬਹਾਲ ਹੋਵੇ ਅਤੇ 20-20 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਆਊਟਸੋਰਸ ਕਾਮਿਆਂ ਨੂੰ ਤੁਰੰਤ ਪੱਕਾ ਕਰਕੇ ਉਨ੍ਹਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ।
Publish Date: Fri, 27 Nov 2026 01:01 PM (IST)
Updated Date: Fri, 27 Nov 2026 01:05 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਵਿਭਾਗੀ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਦਾ ਦੇਖ ਕੇ ਸੂਬੇ ਭਰ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮਾਂ ਦਾ ਸਬਰ ਹੁਣ ਜਵਾਬ ਦੇ ਗਿਆ ਹੈ। ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਤੋਂ ਅੱਕੇ ਕਾਮਿਆਂ ਨੇ ਮੁੜ ਸੰਘਰਸ਼ ਦਾ ਬਿਗਲ ਵਜਾਉਂਦਿਆਂ 7 ਦਸੰਬਰ ਤੋਂ 11 ਦਸੰਬਰ ਤੱਕ ਪੰਜ ਦਿਨਾਂ ਲਈ ਸਮੁੱਚਾ ਦਫ਼ਤਰੀ ਕੰਮਕਾਜ ਠੱਪ ਰੱਖਣ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਅਤੇ ਜਨਰਲ ਸਕੱਤਰ ਵਿੱਕੀ ਡਾਬਲਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ 30 ਜੂਨ ਅਤੇ 27 ਜੁਲਾਈ 2026 ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮਾਲ ਮੰਤਰੀ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਸਨ।
ਇਨ੍ਹਾਂ ਬੈਠਕਾਂ ਨੂੰ ਹੋਇਆਂ ਚਾਰ ਮਹੀਨੇ ਬੀਤ ਚੁੱਕੇ ਹਨ, ਪਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਦੀ ਨਾ ਤਾਂ ਅਜੇ ਤੱਕ ਕੋਈ ਲਿਖਤੀ ਕਾਰਵਾਈ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਮੰਗ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਇਸੇ ਰੋਸ ਵਜੋਂ ਮੁਲਾਜ਼ਮ 7 ਤੋਂ 9 ਦਸੰਬਰ ਤੱਕ ਕਲਮ-ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕਰਕੇ ਧਰਨੇ ਲਾਉਣਗੇ, ਜਦਕਿ 10 ਅਤੇ 11 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣਗੇ।
ਕੀ ਹਨ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ?
ਯੂਨੀਅਨ ਆਗੂਆਂ ਨੇ ਦੱਸਿਆ ਕਿ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਜਿਨ੍ਹਾਂ ਮੰਗਾਂ 'ਤੇ ਸਹਿਮਤੀ ਬਣੀ ਸੀ, ਉਹ ਹਾਲੇ ਵੀ ਠੰਢੇ ਬਸਤੇ ਵਿੱਚ ਪਈਆਂ ਹਨੇ। ਸੁਪਰਡੰਟ ਗ੍ਰੇਡ-2 ਤੋਂ ਤਹਿਸੀਲਦਾਰ ਬਣਨ ਲਈ ਤਜਰਬੇ ਦੀ ਸ਼ਰਤ 4 ਸਾਲ ਤੋਂ ਘਟਾ ਕੇ 3 ਸਾਲ ਕੀਤੀ ਜਾਵੇ। ਤਹਿਸੀਲਾਂ ਵਿੱਚ ਸੁਪਰਡੰਟ ਗ੍ਰੇਡ-2 ਦੀਆਂ ਨਵੀਆਂ ਅਸਾਮੀਆਂ ਬਣਾਈਆਂ ਜਾਣ ਅਤੇ ਜ਼ਿਲ੍ਹਾ ਮਾਲ ਅਫ਼ਸਰਾਂ ਨਾਲ ਸੀਨੀਅਰ ਸਹਾਇਕ ਵਜੋਂ ਰੀਡਰ ਦੀ ਪੋਸਟ ਦਿੱਤੀ ਜਾਵੇ।
ਡੀ.ਸੀ. ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦੀਆਂ ਸਿੱਧੇ ਕੋਟੇ ਵਾਲੀਆਂ ਪੋਸਟਾਂ ਸਾਲਾਂ ਤੋਂ ਖਾਲੀ ਪਈਆਂ ਹਨ, ਜਿਸ ਕਾਰਨ ਮੌਜੂਦਾ ਕਾਮਿਆਂ ਸਿਰ ਦੂਹਰੇ-ਤੀਹਰੇ ਕੰਮ ਦਾ ਬੋਝ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇਨ੍ਹਾਂ ਨੂੰ 100 ਫ਼ੀਸਦੀ ਤਰੱਕੀ ਕੋਟੇ ਵਿੱਚ ਬਦਲ ਕੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਵੇ ਅਤੇ ਖਾਲੀ ਹੋਈਆਂ ਕਲਰਕਾਂ ਦੀਆਂ ਸੀਟਾਂ 'ਤੇ ਨਵੀਂ ਭਰਤੀ ਕੀਤੀ ਜਾਵੇ।
17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਦੀ ਤਰਜ਼ 'ਤੇ ਪੂਰੀ ਮੁੱਢਲੀ ਤਨਖ਼ਾਹ ਦਿੱਤੀ ਜਾਵੇ, ਡੀ.ਸੀ. ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਦਾ ਤਜਰਬਾ ਮਾਲ ਸਾਈਡ ਦਾ ਗਿਣਿਆ ਜਾਵੇ ਅਤੇ ਅੰਤਰ-ਜ਼ਿਲ੍ਹਾ ਬਦਲੀਆਂ ਦੇ ਹੁਕਮ ਜਲਦ ਜਾਰੀ ਕੀਤੇ ਜਾਣ।
1995 ਦੇ ਨਿਯਮਾਂ ਮੁਤਾਬਕ ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਨਵੀਆਂ ਅਸਾਮੀਆਂ ਸਿਰਜੀਆਂ ਜਾਣ। ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਦਾ ਕੋਟਾ ਵਧਾਇਆ ਜਾਵੇ, 5 ਫ਼ੀਸਦੀ ਪ੍ਰਸ਼ਾਸਕੀ ਭੱਤਾ ਬਹਾਲ ਹੋਵੇ ਅਤੇ 20-20 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਆਊਟਸੋਰਸ ਕਾਮਿਆਂ ਨੂੰ ਤੁਰੰਤ ਪੱਕਾ ਕਰਕੇ ਉਨ੍ਹਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ 7 ਤੋਂ 11 ਦਸੰਬਰ ਤੱਕ ਜ਼ਿਲ੍ਹਾ ਦਫ਼ਤਰਾਂ, ਉਪ-ਮੰਡਲਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਕੰਮ ਮੁਕੰਮਲ ਤੌਰ 'ਤੇ ਬੰਦ ਰਹੇਗਾ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਖੱਜਲ-ਖੁਆਰੀ ਦੀ ਸਾਰੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੀ ਹੋਵੇਗੀ।