ਗਾਇਕ ਗੁਲਾਬ ਸਿੱਧੂ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ; ਜਾਣੋ ਕਿਵੇਂ ਜੁੜੀਆਂ ਤਾਰਾ ਬਰਨਾਲਾ ’ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ’ਚ ਬਰਨਾਲਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਸੌਦਾਗਰ ਸਿੰਘ ਵੀਰਵਾਰ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਅਦਾਲਤ ’ਚ ਪੇਸ਼ੀ ਲਈ ਪੁੱਜੇ ਸਨ। ਉੱਥੇ ਮੌਜੂਦ ਬਰਨਾਲਾ ਪੁਲਿਸ ਦੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਖੰਨਾ ਸਿਟੀ ਥਾਣਾ ਪੁਲਿਸ ਨੂੰ ਸੂਚਿਤ ਕੀਤਾ।
Publish Date: Sat, 26 Sep 2026 11:19 AM (IST)
Updated Date: Sat, 26 Sep 2026 11:20 AM (IST)
ਸੰਵਾਦ ਸਹਿਯੋਗੀ, ਜਾਗਰਣ, ਖੰਨਾ : ਬਰਨਾਲਾ ’ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ’ਚ ਬਰਨਾਲਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਸੌਦਾਗਰ ਸਿੰਘ ਵੀਰਵਾਰ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਅਦਾਲਤ ’ਚ ਪੇਸ਼ੀ ਲਈ ਪੁੱਜੇ ਸਨ। ਉੱਥੇ ਮੌਜੂਦ ਬਰਨਾਲਾ ਪੁਲਿਸ ਦੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਖੰਨਾ ਸਿਟੀ ਥਾਣਾ ਪੁਲਿਸ ਨੂੰ ਸੂਚਿਤ ਕੀਤਾ।
ਥਾਣੇ ’ਚ ਡੀਡੀਆਰ ਦਰਜ ਕਰਨ ਤੋਂ ਬਾਅਦ ਬਰਨਾਲਾ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਹ ਕਾਰਵਾਈ 12 ਸਤੰਬਰ ਦੀ ਰਾਤ ਗੁਲਾਬ ਸਿੱਧੂ ਦੇ ਘਰ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਨਾਲ ਜੋੜੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਸੌਦਾਗਰ ਸਿੰਘ ਦੀ ਭੂਮਿਕਾ ਬਾਰੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਖੰਨਾ ’ਚ ਗੋਲੀਬਾਰੀ ਤੇ ਫਿਰੌਤੀ ਨਾਲ ਜੁੜੇ ਮਾਮਲਿਆਂ ’ਚ ਪਹਿਲਾਂ ਵੀ ਸ਼ਗਨਪ੍ਰੀਤ ਦੇ ਮਾਤਾ-ਪਿਤਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਨੇ ਹਾਲ ਹੀ ’ਚ ਖੰਨਾ ਪੁਲਿਸ ਵੱਲੋਂ ਦਰਜ ਤਿੰਨ ਮਾਮਲਿਆਂ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਅਗਲੇ ਹੀ ਦਿਨ ਸੌਦਾਗਰ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ। ਖੰਨਾ ਸਿਟੀ ਥਾਣਾ ਮੁਖੀ ਸੰਦੀਪ ਕੁਮਾਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਬਰਨਾਲਾ ਪੁਲਿਸ ਸੌਦਾਗਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਗੁਲਾਬ ਸਿੱਧੂ ਦੇ ਘਰ ਹੋਈ ਗੋਲੀਬਾਰੀ ਨਾਲ ਉਸ ਦਾ ਕਥਿਤ ਤੌਰ ’ਤੇ ਕੀ ਸਬੰਧ ਹੈ।