ਵਿੱਤ ਮੰਤਰੀ ਦੇ ‘ਐਂਟੀ ਸਟੇਟ’ ਬਿਆਨ ਵਿਰੁੱਧ ਮੁਲਾਜ਼ਮਾਂ ਦਾ ਰੋਸ, ਹੱਥਾਂ ’ਚ ਰਾਸ਼ਟਰੀ ਝੰਡੇ ਫੜ ਕੇ ਕੀਤਾ ਪ੍ਰਦਰਸ਼ਨ; ਪੰਜਾਬ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ
ਇਸ ਮੌਕੇ ਮੁਲਾਜ਼ਮਾਂ ਨੇ ਹੱਥਾਂ ’ਚ ਰਾਸ਼ਟਰੀ ਝੰਡੇ ਫੜ ਕੇ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਤੋਂ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਵਿਧਾਨਕ ਅਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਉਠਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਕਹਿਣਾ ਨਾ ਸਿਰਫ਼ ਮੁਲਾਜ਼ਮ ਵਰਗ ਦਾ ਅਪਮਾਨ ਹੈ, ਸਗੋਂ ਇਸ ਨਾਲ ਉਨ੍ਹਾਂ ਦੇ ਦੇਸ਼ ਪ੍ਰਤੀ ਫ਼ਰਜ਼ ਅਤੇ ਰਾਸ਼ਟਰੀ ਭਾਵਨਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
Publish Date: Tue, 11 Aug 2026 02:08 PM (IST)
Updated Date: Tue, 11 Aug 2026 02:13 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪੱਧਰੀ ਸੱਦੇ ’ਤੇ ਐੱਸ.ਡੀ.ਐੱਮ. ਤੇ ਤਹਿਸੀਲ ਦਫ਼ਤਰ ਮਹਿਲ ਕਲਾਂ ਦੇ ਮੁਲਾਜ਼ਮਾਂ ਵੱਲੋਂ ਸੁਪਰਡੈਂਟ ਹਰਵਿੰਦਰ ਸਿੰਘ ਕੁਤਬਾ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਹਾਂ ਰੈਲੀ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਕਥਿਤ ਤੌਰ ’ਤੇ ‘ਐਂਟੀ ਸਟੇਟ’ ਕਹਿਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੁਲਾਜ਼ਮਾਂ ਨੇ ਹੱਥਾਂ ’ਚ ਰਾਸ਼ਟਰੀ ਝੰਡੇ ਫੜ ਕੇ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਤੋਂ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਵਿਧਾਨਕ ਅਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਉਠਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਕਹਿਣਾ ਨਾ ਸਿਰਫ਼ ਮੁਲਾਜ਼ਮ ਵਰਗ ਦਾ ਅਪਮਾਨ ਹੈ, ਸਗੋਂ ਇਸ ਨਾਲ ਉਨ੍ਹਾਂ ਦੇ ਦੇਸ਼ ਪ੍ਰਤੀ ਫ਼ਰਜ਼ ਅਤੇ ਰਾਸ਼ਟਰੀ ਭਾਵਨਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਲਾਜ਼ਮਾਂ ਵੱਲੋਂ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਮੁਲਾਜ਼ਮਾਂ ਨੇ ਰਾਸ਼ਟਰੀ ਝੰਡੇ ਆਪਣੇ ਦਫ਼ਤਰੀ ਟੇਬਲਾਂ ਤੇ ਸੀਟਾਂ ’ਤੇ ਵੀ ਲਗਾਉਣ ਦਾ ਫੈਸਲਾ ਕੀਤਾ ਹੈ। ਮੁਲਾਜ਼ਮ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿੱਤ ਮੰਤਰੀ ਵੱਲੋਂ ਦਿੱਤਾ ਗਿਆ ਕਥਿਤ ਬਿਆਨ ਵਾਪਸ ਲਿਆ ਜਾਵੇ ਅਤੇ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ 12 ਅਗਸਤ 2026 ਤੱਕ ਇਸ ਮਾਮਲੇ ’ਚ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ 13 ਅਗਸਤ ਨੂੰ ਸਮੁੱਚੇ ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਰੈਲੀਆਂ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁਤਲੇ ਫੂਕੇ ਜਾਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨਾਲ ਮੁੱਖ ਮੰਤਰੀ ਤੇ ਕੈਬਨਿਟ ਸਬ-ਕਮੇਟੀ ਪੱਧਰ ’ਤੇ ਹੋਈਆਂ ਕਈ ਮੀਟਿੰਗਾਂ ਜਾਂ ਤਾਂ ਬੇਸਿੱਟਾ ਰਹੀਆਂ ਜਾਂ ਆਖ਼ਰੀ ਮੌਕੇ ’ਤੇ ਰੱਦ ਹੋਈਆਂ, ਜਿਸ ਕਾਰਨ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਹੋਈ ਹੈ।
ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹੁੰਦੀ ਤਾਂ ਚੰਡੀਗੜ੍ਹ ਵਿਖੇ ਹੋਈ ਮਹਾਂ ਰੈਲੀ ਦੌਰਾਨ ਮੁਲਾਜ਼ਮਾਂ ਦੇ ਵੱਡੇ ਇਕੱਠ ਤੇ ਰੋਸ ਨੂੰ ਦੇਖਦਿਆਂ ਤੁਰੰਤ ਮੰਗਾਂ ਮੰਨਣ ਤੇ ਮਹਿੰਗਾਈ ਭੱਤਾ ਜਾਰੀ ਕਰਨ।
ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਸਬੰਧੀ ਕੋਈ ਠੋਸ ਫੈਸਲਾ ਨਾ ਲਿਆ ਤਾਂ ਦਫ਼ਤਰੀ ਕਾਮਿਆਂ ਵੱਲੋਂ 17 ਤੇ 18 ਅਗਸਤ 2026 ਨੂੰ ਕਲਮ ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਕੀਤੀ ਜਾਵੇਗੀ, ਜਿਸ ਕਾਰਨ ਦਫ਼ਤਰੀ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਵਿੱਕੀ ਡਾਬਲਾ ਸਮੇਤ ਐੱਸ.ਡੀ.ਐੱਮ. ਦਫ਼ਤਰ ਮਹਿਲ ਕਲਾਂ ਅਤੇ ਤਹਿਸੀਲ ਦਫ਼ਤਰ ਦੇ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਗੁਰਮੀਤ ਕੌਰ ਸੀਨੀਅਰ ਸਹਾਇਕ, ਸਰਬਜੀਤ ਕੌਰ ਜੂਨੀਅਰ ਸਹਾਇਕ, ਮਨਪ੍ਰੀਤ ਕੌਰ ਕਲਰਕ, ਸੰਦੀਪ ਕੌਰ ਕਲਰਕ, ਕਰਨ ਅਵਤਾਰ ਸਿੰਘ ਪੰਧੇਰ ਤਹਿਸੀਲ ਸਹਾਇਕ ਮਹਿਲ ਕਲਾਂ, ਮਨਜੀਤ ਸਿੰਘ ਜੂਨੀਅਰ ਸਹਾਇਕ, ਜਗਦੇਵ ਸਿੰਘ ਜੂਨੀਅਰ ਸਹਾਇਕ, ਕਰਨਵੀਰ ਸਿੰਘ ਰਜਿਸਟਰੀ ਕਲਰਕ, ਮਨਦੀਪ ਸਿੰਘ ਕਲਰਕ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਬਜਾਏ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਹਾਈ ਕੋਰਟ ਦੇ ਫੈਸਲੇ ਅਨੁਸਾਰ ਮਹਿੰਗਾਈ ਭੱਤੇ ਸਮੇਤ ਬਕਾਇਆ ਮੰਗਾਂ ਸਬੰਧੀ ਸਪੱਸ਼ਟ ਫੈਸਲਾ ਲਿਆ ਜਾਵੇ।