ਬਰਨਾਲਾ ’ਚ ਮੁਲਾਜ਼ਮਾਂ ਦਾ ਤਿੱਖਾ ਰੋਸ ਪ੍ਰਦਰਸ਼ਨ: ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਲਗਾਇਆ ਧਰਨਾ
ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਈ ਵਿਭਾਗਾਂ ਦੇ ਕਰਮਚਾਰੀ ਕਲਮ ਛੋੜ ਹੜਤਾਲ ਕਰਕੇ ਧਰਨੇ ’ਤੇ ਬੈਠੇ ਹਨ। ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਸਾਰੇ ਦਫ਼ਤਰੀ ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੰਮ ਛੱਡ ਕੇ ਧਰਨੇ ’ਤੇ ਬੈਠੇ ਹਨ।
Publish Date: Thu, 04 Jun 2026 12:03 PM (IST)
Updated Date: Thu, 04 Jun 2026 12:07 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਈ ਵਿਭਾਗਾਂ ਦੇ ਕਰਮਚਾਰੀ ਕਲਮ ਛੋੜ ਹੜਤਾਲ ਕਰਕੇ ਧਰਨੇ ’ਤੇ ਬੈਠੇ ਹਨ। ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਸਾਰੇ ਦਫ਼ਤਰੀ ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੰਮ ਛੱਡ ਕੇ ਧਰਨੇ ’ਤੇ ਬੈਠੇ ਹਨ।
ਦੂਜੇ ਪਾਸੇ ਮਗਨਰੇਗਾ ਕਰਮਚਾਰੀਆਂ ਨੇ ਵੀ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ। ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨਾਲ ਸਿੱਧੇ ਤੌਰ ’ਤੇ ਜੁੜੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਵੀ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਇਨ੍ਹਾਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਆਪਣੀ ਪੰਜਾਬ ਜਥੇਬੰਦੀ ਦੇ ਸੱਦੇ ’ਤੇ ਬਰਨਾਲਾ ਦੇ ਸੇਵਾ ਕੇਂਦਰ ਅੱਗੇ ਪੱਕੇ ਤੌਰ ’ਤੇ ਧਰਨਾ ਲਗਾਇਆ ਹੋਇਆ ਹੈ ਅਤੇ ਆਪਣਾ ਕੰਮਕਾਜ ਪੂਰੀ ਤਰ੍ਹਾਂ ਠੱਪ ਕੀਤਾ ਹੋਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਸੇਵਾ ਕੇਂਦਰ ਦੇ ਮੁਲਾਜ਼ਮ 2016 ਤੋਂ ਲੈ ਕੇ ਲੱਗਪਗ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਕੰਮ ਕਰ ਰਹੇ ਹਨ, ਇਸ ਸਮੇਂ ਦੌਰਾਨ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ’ਚ ਕੋਈ ਵਾਧਾ ਨਹੀਂ ਹੋਇਆ ਅਤੇ ਤਨਖਾਹ ਤੋਂ ਇਲਾਵਾ ਵੀ ਇਨ੍ਹਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ। ਇਹ ਮੁਲਾਜ਼ਮ ਇੱਕ ਪ੍ਰਾਈਵੇਟ ਕੰਪਨੀ ਦੇ ਅਧੀਨ ਕੰਮ ਕਰ ਰਹੇ ਹਨ ਜਿਹੜੀ ਇਨ੍ਹਾਂ ਮੁਲਾਜ਼ਮਾਂ ਪ੍ਰਤੀ ਅਕਸਰ ਤਾਨਾਸ਼ਾਹੀ ਰਵਈਆ ਅਪਣਾਉਂਦੀ ਹੈ ਅਤੇ ਕੰਪਨੀ ਬਿਨਾਂ ਕਿਸੇ ਨੋਟਿਸ ਤੋਂ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਸਕਦੀ ਹੈ।
ਧਰਨੇ ’ਤੇ ਬੈਠੇ ਕਰਮਚਾਰੀਆਂ ਨੇ ਦੱਸਿਆ ਕਿ ਕੰਪਨੀ ਨੇ 13 ਮੁਲਾਜ਼ਮਾਂ ਨੂੰ ਟਰਮੀਨੇਟ ਵੀ ਕਰ ਦਿੱਤਾ ਹੈ। ਧਰਨੇ ’ਤੇ ਬੈਠੇ ਮਗਨਰੇਗਾ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 6-7 ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ। ਮਗਨਰੇਗਾ, ਸੇਵਾ ਕੇਂਦਰ ਅਤੇ ਪੰਚਾਇਤ ਵਿਭਾਗ ਦੇ ਧਰਨੇ ’ਤੇ ਬੈਠੇ ਇਹ ਉਹ ਕਰਮਚਾਰੀ ਹਨ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਹੂਲਤਾਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ, ਜੇਕਰ ਇਨ੍ਹਾਂ ਕਰਮਚਾਰੀਆਂ ਨੂੰ ਕੀਤੇ ਕੰਮ ਦੇ ਬਦਲੇ ਪ੍ਰਤੀ ਮਹੀਨਾ ਤਨਖਾਹ ਹੀ ਨਹੀਂ ਮਿਲੇਗੀ ਤਾਂ ਇਨ੍ਹਾਂ ਦੀਆਂ ਆਰਥਿਕ ਸਥਿਤੀਆਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਦੇ ਵੱਡੇ ਅਧਿਕਾਰੀਆਂ ਨੂੰ ਕਦੇ ਵੀ ਤਨਖਾਹ ਲੈਣ ਵਿੱਚ ਸਮੱਸਿਆ ਨਹੀਂ ਆਈ ਅਤੇ ਇਨ੍ਹਾਂ ਵੱਡੇ ਅਧਿਕਾਰੀਆਂ ਦੀ ਤਨਖਾਹ ਮਹੀਨੇ ਦੀ ਪਹਿਲੀ ਤਰੀਕ ਨੂੰ ਖਾਤੇ ਵਿੱਚ ਪੈ ਜਾਂਦੀ ਹੈ। ਦੂਜੇ ਪਾਸੇ ਇਹ ਧਰਨੇ ’ਤੇ ਬੈਠੇ ਕਰਮਚਾਰੀ ਹਨ ਜਿਹੜੇ ਕਈ-ਕਈ ਮਹੀਨਿਆਂ ਤਨਖਾਹ ਤੋਂ ਵਾਂਝੇ ਰਹਿੰਦੇ ਹਨ।
ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਕਰਮਚਾਰੀਆਂ ਅਤੇ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ’ਚ ਉਸੇ ਪਾਰਟੀ ਦੀ ਸਰਕਾਰ ਹੈ, ਜਿਹੜੀ ਧਰਨਿਆਂ ’ਚੋਂ ਪੈਦਾ ਹੋਈ ਅਤੇ ਇਸ ਦੇ ਆਗੂ 2022 ਤੋਂ ਪਹਿਲਾਂ ਮੁਲਾਜ਼ਮਾਂ ਦੇ ਧਰਨਿਆਂ ’ਚ ਆ ਕੇ ਭਰੋਸਾ ਦਿੰਦੇ ਸਨ ਕਿ ਜੇਕਰ ‘ਆਪ’ ਦੀ ਸਰਕਾਰ ਬਣੇਗੀ ਤਾਂ ਕਿਸੇ ਮੁਲਾਜ਼ਮ ਨੂੰ ਧਰਨਾ ਨਹੀਂ ਦੇਣਾ ਪਵੇਗਾ, ਹੁਣ ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਇੱਕੋ ਇੱਕ ਅਜਿਹੀ ਸਰਕਾਰ ਹੈ ਜਿਸ ਦੇ ਰਾਜ ਵਿੱਚ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਵੱਧ ਧਰਨੇ ਲੱਗ ਚੁੱਕੇ ਹਨ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ’ਚ ਹੁੰਦੇ ਹੋਏ ਇਨ੍ਹਾਂ ਮੁਲਾਜ਼ਮਾਂ ਦੇ ਧਰਨਿਆਂ ’ਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਦੀ ਸਾਰ ਤੱਕ ਨਹੀਂ ਲਈ, ਸਗੋਂ ਇਨ੍ਹਾਂ ਆਗੂਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨੇ ’ਤੇ ਬੈਠੇ ਮੁਲਾਜ਼ਮਾਂ ਨੂੰ ਡੰਡਾਤੰਤਰ ਦੇ ਜ਼ੋਰ ’ਤੇ ਧਰਨੇ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।