ਬਿਜਲੀ ਮੁਲਾਜ਼ਮਾਂ ਦਾ ਵੱਡਾ ਐਲਾਨ: 21-22 ਜੁਲਾਈ ਨੂੰ ਰਹਿਣਗੇ ਸਮੂਹਿਕ ਛੁੱਟੀ 'ਤੇ, 7 ਅਗਸਤ ਦੀ ਚੰਡੀਗੜ੍ਹ ਰੈਲੀ ਲਈ ਖਿੱਚੀ ਤਿਆਰੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਟਰਾਂਸਕੋ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬਾ ਪੱਧਰ ’ਤੇ ਦਿੱਤੇ ਗਏ ਸੰਘਰਸ਼ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ 220 ਕੇਵੀ ਗਰਿੱਡ ਮਹਿਲ ਕਲਾਂ ਵਿਖੇ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਕੱਤਰ ਕੁਲਵੀਰ ਸਿੰਘ ਔਲਖ ਨੇ ਕੀਤੀ।
Publish Date: Mon, 20 Jul 2026 04:25 PM (IST)
Updated Date: Mon, 20 Jul 2026 04:29 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਟਰਾਂਸਕੋ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬਾ ਪੱਧਰ ’ਤੇ ਦਿੱਤੇ ਗਏ ਸੰਘਰਸ਼ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ 220 ਕੇਵੀ ਗਰਿੱਡ ਮਹਿਲ ਕਲਾਂ ਵਿਖੇ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਕੱਤਰ ਕੁਲਵੀਰ ਸਿੰਘ ਔਲਖ ਨੇ ਕੀਤੀ।
ਇਸ ਮੌਕੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ: 24), ਪਾਵਰਕਾਮ-ਟਰਾਂਸਕੋ ਪੈਨਸ਼ਨਰ ਯੂਨੀਅਨ ਤੇ ਮੁਲਾਜ਼ਮ ਯੂਨਾਈਟਡ ਆਰਗੇਨਾਈਜ਼ੇਸ਼ਨ ਦੇ ਵੱਡੀ ਗਿਣਤੀ ਆਗੂ ਅਤੇ ਮੁਲਾਜ਼ਮ ਹਾਜ਼ਰ ਹੋਏ।
ਮੀਟਿੰਗ ਦੌਰਾਨ ਕੁਲਵੀਰ ਸਿੰਘ ਔਲਖ, ਜਸਵਿੰਦਰ ਸਿੰਘ ਚੰਨਣਵਾਲ ਅਤੇ ਨਿਰਮਲ ਸਿੰਘ ਹਰਦਾਸਪੁਰਾ ਨੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਨਾਲ ਚੱਲ ਰਹੇ ਸੰਘਰਸ਼ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮੁੱਚੀਆਂ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਉਨ੍ਹਾਂ ਸੂਬਾ ਕਮੇਟੀ ਵੱਲੋਂ ਦਿੱਤੇ 21 ਅਤੇ 22 ਜੁਲਾਈ ਦੇ ਦੋ ਰੋਜ਼ਾ ਸਮੂਹਿਕ ਛੁੱਟੀ ਦੇ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤਿੰਦਰਪਾਲ ਸਿੰਘ ਜੱਸੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੇ ਹੱਕਾਂ 'ਤੇ ਲਗਾਤਾਰ ਹਮਲੇ ਕਰ ਰਹੀਆਂ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਮੂਹ ਬਿਜਲੀ ਮੁਲਾਜ਼ਮ ਇਕਜੁੱਟ ਹੋ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ।
ਉਨ੍ਹਾਂ ਕਿਹਾ ਕਿ 21 ਅਤੇ 22 ਜੁਲਾਈ ਨੂੰ ਤਕਨੀਕੀ ਤੇ ਦਫ਼ਤਰੀ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਰਹਿਣਗੇ, ਜਿਸ ਕਾਰਨ ਫੀਲਡ ਦੇ ਕੰਮ, ਗਰਿੱਡਾਂ ਦੇ ਗੈਰ-ਐਮਰਜੈਂਸੀ ਕੰਮ ਅਤੇ ਕੈਸ਼ ਕਾਊਂਟਰ ਬੰਦ ਰਹਿਣਗੇ। ਇਸ ਦੌਰਾਨ ਪੰਜਾਬ ਭਰ ’ਚ ਸਰਕਲ ਪੱਧਰੀ ਧਰਨੇ ਦੇ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਗਟਾਇਆ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਨੂੰ ਮੁਲਾਜ਼ਮਾਂ ਦੀਆਂ ਤਰੱਕੀਆਂ, ਖਾਲੀ ਅਸਾਮੀਆਂ ’ਤੇ ਭਰਤੀ, ਤਨਖ਼ਾਹ ਅਤੇ ਭੱਤਿਆਂ ਨਾਲ ਸਬੰਧਤ ਮਸਲੇ, ਪੁਰਾਣੀਆਂ ਸੇਵਾ ਸ਼ਰਤਾਂ ਦੀ ਬਹਾਲੀ, ਪੈਨਸ਼ਨਰਾਂ ਦੀਆਂ ਮੰਗਾਂ ਤੇ ਹੋਰ ਲੰਬਿਤ ਮਸਲਿਆਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਵਰਕਾਮ ਤੇ ਟਰਾਂਸਕੋ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਠੇਕੇਦਾਰੀ ਪ੍ਰਣਾਲੀ ਤੋਂ ਮੁਕਤ ਕਰਕੇ ਸਿੱਧੇ ਤੌਰ ’ਤੇ ਪਾਵਰਕਾਮ ’ਚ ਭਰਤੀ ਕੀਤਾ ਜਾਵੇ।
ਮੀਟਿੰਗ ’ਚ ਹਰਭਜਨ ਸਿੰਘ ਠੀਕਰੀਵਾਲਾ, ਹਰਬੰਸ ਸਿੰਘ ਧਨੌਲਾ, ਵਰਿੰਦਰ ਸਿੰਘ ਮਹਿਲ ਕਲਾਂ, ਇੰਜੀਨੀਅਰ ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ ਛੀਨੀਵਾਲ ਕਲਾਂ, ਸੁੱਖਪਾਲ ਸਿੰਘ ਕਾਲਾ ਮੱਲੀ ਸੰਘੇੜਾ, ਸੁਖਵਿੰਦਰ ਸਿੰਘ ਚੂਹਾਣਕੇ ਕਲਾਂ, ਕਮਲ ਸਿੰਘ ਸਹੌਰ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਏਕਤਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸੰਘਰਸ਼ ਦੇ ਦਮ ’ਤੇ ਹੀ ਸਰਕਾਰ ਤੋਂ ਹੱਕੀ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ।
ਮੀਟਿੰਗ ਦੇ ਅੰਤ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 21-22 ਜੁਲਾਈ ਦੀ ਸਮੂਹਿਕ ਛੁੱਟੀ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾਵੇਗਾ ਅਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੈਲੀ ’ਚ ਮਾਲਵਾ ਖੇਤਰ ਵਿੱਚੋਂ ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮ ਸ਼ਮੂਲੀਅਤ ਕਰਕੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨਗੇ।