- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਜ਼ੀਰੋ ਬਿੱਲ’ ਦੇ ਵੱਡੇ-ਵੱਡੇ ਦਾਅਵੇ ਕਰਕੇ 2022 ’ਚ ਗੱਦੀ ’ਤੇ ਬੈਠੀ ਸਰਕਾਰ ਦੀਆਂ ਗਰੰਟੀਆਂ ਦੀ ਹਵਾ ਹੁਣ ਨਿੱਕਲਦੀ ਨਜ਼ਰ ਆ ਰਹੀ ਹੈ। ਗ਼ਰੀਬਾਂ ਨੂੰ ਲੱਗਦਾ ਸੀ ਬਿਜਲੀ ਫ਼੍ਰੀ ਮਿਲੂ, ਪਰ ਹੁਣ ਉਨ੍ਹਾਂ ਦੇ ਘਰੀਂ ਅਜਿਹੇ ਬਿੱਲ ਅੱਪੜ ਰਹੇ ਨੇ ਜਿਨ੍ਹਾਂ ਨੇ ਦਿਹਾੜੀਦਾਰਾਂ ਦੇ ਹੋਸ਼ ਉਡਾ ਦਿੱਤੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ‘ਜ਼ੀਰੋ ਬਿੱਲ’ ਦੇ ਵੱਡੇ-ਵੱਡੇ ਦਾਅਵੇ ਕਰਕੇ 2022 ’ਚ ਗੱਦੀ ’ਤੇ ਬੈਠੀ ਸਰਕਾਰ ਦੀਆਂ ਗਰੰਟੀਆਂ ਦੀ ਹਵਾ ਹੁਣ ਨਿੱਕਲਦੀ ਨਜ਼ਰ ਆ ਰਹੀ ਹੈ। ਗ਼ਰੀਬਾਂ ਨੂੰ ਲੱਗਦਾ ਸੀ ਬਿਜਲੀ ਫ਼੍ਰੀ ਮਿਲੂ, ਪਰ ਹੁਣ ਉਨ੍ਹਾਂ ਦੇ ਘਰੀਂ ਅਜਿਹੇ ਬਿੱਲ ਅੱਪੜ ਰਹੇ ਨੇ ਜਿਨ੍ਹਾਂ ਨੇ ਦਿਹਾੜੀਦਾਰਾਂ ਦੇ ਹੋਸ਼ ਉਡਾ ਦਿੱਤੇ ਹਨ। ਇਹ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਬਰਨਾਲਾ ਦੇ ਸੇਖਾ ਰੋਡ ’ਤੇ ਪੈਂਦੇ ਵਾਰਡਾਂ ਤੇ ਗ਼ਰੀਬ ਬਸਤੀਆਂ ਦਾ ਦੌਰਾ ਕੀਤਾ। ਉੱਥੇ ਮਜ਼ਦੂਰ ਪਰਿਵਾਰਾਂ ਨੇ ਆਪਣੇ ਹੱਥਾਂ ’ਚ ਆਏ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਵਿਖਾ ਕੇ ਆਪਣੇ ਦੁੱਖੜੇ ਰੋਏ।
ਗਹਿਣੇ ਗਹਿਣੇ ਧਰ ਕੇ ਭਰਨੇ ਪੈ ਰਹੇ ਨੇ ਬਿੱਲ
ਦੌੜ-ਭੱਜ ਤੇ ਦਿਹਾੜੀ-ਧੱਪਾ ਕਰਕੇ ਮਸਾਂ ਪਰਿਵਾਰਾਂ ਦਾ ਢਿੱਡ ਭਰਨ ਵਾਲੇ ਮਜ਼ਦੂਰਾਂ ਨੇ ਹੱਥ ਜੋੜ ਕੇ ਦੱਸਿਆ ਕਿ ਉਨ੍ਹਾਂ ਦੀ ਰੋਜ਼ ਦੀ ਕਮਾਈ ਨਾਲ ਤਾਂ ਮਸਾਂ ਚੁੱਲ੍ਹਾ ਬਲਦਾ ਹੈ। ਅਜਿਹੇ ਅਸਮਾਨੀਂ ਚੜ੍ਹੇ ਬਿੱਲ ਉਹ ਕਿੱਥੋਂ ਭਰਨ? ਮਜ਼ਦੂਰ ਗੁਰਜੰਟ ਸਿੰਘ ਤੇ ਕਾਲੂ ਨੇ ਹੌਕਾ ਭਰਦਿਆਂ ਦੱਸਿਆ ਕਿ ਸਰਕਾਰ ਤਾਂ ਮੁਫ਼ਤ ਬਿਜਲੀ ਦੇ ਢਿੰਡੋਰੇ ਪਿੱਟਦੀ ਸੀ, ਪਰ ਇੱਥੇ ਤਾਂ 70-70 ਹਜ਼ਾਰ ਦੇ ਬਿੱਲ ਫੜਾ ਦਿੱਤੇ ਗਏ ਹਨ। ਹਾਲਾਤ ਇਹ ਬਣ ਗਏ ਨੇ ਕਿ ਕਈ ਗ਼ਰੀਬ ਪਰਿਵਾਰਾਂ ਨੂੰ ਤਾਂ ਆਪਣੇ ਤਨ ਦੇ ਗਹਿਣੇ-ਗੱਟੇ ਵੇਚ ਕੇ ਤੇ ਚੀਜ਼ਾਂ ਗਹਿਣੇ ਧਰ ਕੇ ਬਿੱਲ ਤਾਰਨੇ ਪੈ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਮਹਿਕਮਾ ਤੁਰੰਤ ਇਸ ਗੜਬੜ ਦੀ ਜਾਂਚ ਕਰੇ ਤੇ ਬਿੱਲ ਦਰੁਸਤ ਕਰੇ।
ਅਕਾਲੀ ਦਲ ਗ਼ਰੀਬਾਂ ਦੇ ਨਾਲ ਖੜ੍ਹਾ : ਕੁਲਵੰਤ ਕੀਤੂ
ਮੌਕੇ ’ਤੇ ਪਹੁੰਚੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਨੇ ਸਰਕਾਰ ’ਤੇ ਰੱਜ ਕੇ ਭੜਾਸ ਕੱਢੀ। ਉਨ੍ਹਾਂ ਆਖਿਆ ਕਿ ਜ਼ੀਰੋ ਬਿੱਲ ਦੇ ਦਾਅਵੇ ਨਿਰੇ ਖੋਖਲੇ ਤੇ ਫੋਕੀ ਸ਼ੋਹਰਤ ਸਾਬਤ ਹੋਏ ਨੇ। ਜ਼ਮੀਨੀ ਹਕੀਕਤ ਇਹ ਹੈ ਕਿ ਦਿਹਾੜੀਦਾਰਾਂ ਦੇ ਘਰੀਂ 70-70 ਹਜ਼ਾਰ ਦੇ ਬਿੱਲ ਭੇਜ ਕੇ ਉਨ੍ਹਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਕੀਤੂ ਨੇ ਉੱਥੇ ਖੜ੍ਹੇ-ਖੜ੍ਹੇ ਹੀ ਬਿਜਲੀ ਬੋਰਡ ਦੇ ਅਧਿਕਾਰੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤੇ ਮਸਲੇ ਦੇ ਹੱਲ ਲਈ ਤੁਰੰਤ ਮੀਟਿੰਗ ਦਾ ਸਮਾਂ ਮੰਗਿਆ। ਉਨ੍ਹਾਂ ਸਾਫ਼ ਆਖਿਆ ਕਿ ਅਕਾਲੀ ਦਲ ਲੋਕਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਤੇ ਲੁੱਟ ਖ਼ਿਲਾਫ਼ ਚੁੱਪ ਨਹੀਂ ਬੈਠੇਗਾ ਤੇ ਗ਼ਰੀਬਾਂ ਦੀ ਆਵਾਜ਼ ਹਰ ਫ਼ੋਰਮ ’ਤੇ ਬੁਲੰਦ ਕਰੇਗਾ।