- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਨੇ ਉਜਾੜੇ ਹੱਸਦੇ-ਵੱਸਦੇ ਘਰ, ਬੁੱਕਲ 'ਚ ਤਸਵੀਰਾਂ ਲੈ ਗੁਰੂ ਘਰ ਰੋਈਆਂ 'ਮਾਵਾਂ-ਧੀਆਂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਇਤਿਹਾਸਿਕ ਕਸਬੇ ਹੰਡਿਆਇਆ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਬਹੁਤ ਹੀ ਦਰਦਨਾਕ ਮੰਜ਼ਰ ਦੇਖਣ ਨੂੰ ਮਿਲਿਆ। ਇੱਥੇ ਇੱਕੋ ਮੁਹੱਲੇ ਦੀਆਂ ਕਰੀਬ 10 ਲਾਚਾਰ ਔਰਤਾਂ ਨੇ ਭਰੇ ਇਕੱਠ ਵਿੱਚ ਨਸ਼ੇ ਦੀ ਭੇਟ ਚੜ੍ਹੇ ਆਪਣੇ ਜਵਾਨ ਪੁੱਤਾਂ, ਪਤੀਆਂ ਤੇ ਪਿਓਆਂ ਦੀਆਂ ਤਸਵੀਰਾਂ ਬੁੱਕਲ |ਚ ਘੁੱਟ ਕੇ ਗੁਰੂ ਕੇ ਦਰ ’ਤੇ ਧਾਹਾਂ ਮਾਰ-ਮਾਰ ਕੇ ਆਪਣੇ ਦੁੱਖੜੇ ਰੋਏ। ਕਸਬੇ ਵਿੱਚ ਨਸ਼ੇ ਕਾਰਨ ਹੋ ਰਹੀਆਂ ਧੜਾਧੜ ਮੌਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸੂਬਾ ਸਰਕਾਰ ਨੂੰ ਤਿੱਖੇ ਹੱਥੀਂ ਲਿਆ। ਕਿਸੇ ਦਾ ਸੁਹਾਗ ਲੁੱਟਿਆ, ਕਿਸੇ ਮਾਂ ਦਾ ਕੋਲੋਂ ਜਵਾਨ ਪੁੱਤ ਖੋਹਿਆ ਗੁਰੂ ਘਰ ’ਚ ਇਕੱਠੀਆਂ ਹੋਈਆਂ ਪੀੜਤ ਔਰਤਾਂ ਦੀ ਆਵਾਜ਼ ’ਚ ਗ਼ਮ ਤੇ ਗੁੱਸਾ ਸਾਫ਼ ਝਲਕ ਰਿਹਾ ਸੀ।
-------
ਇੱਕੋ ਘਰ ’ਚੋਂ ਦੋ ਜਨਾਜ਼ੇ, ਨਸ਼ਿਆਂ ਤੋਂ ਦੁਖੀ ਲਾਚਾਰ ਔਰਤਾਂ
ਅਮਰਜੀਤ ਕੌਰ ’ਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ, ਜਿਸ ਦੇ ਪਤੀ ਨਿਰਮਲ ਸਿੰਘ ਤੇ ਜਵਾਨ ਪੁੱਤ ਅਵਤਾਰ ਸਿੰਘ ਦੋਵਾਂ ਦੀ ਨਸ਼ੇ ਨੇ ਜਾਨ ਲੈ ਲਈ। ਬੱਚਿਆਂ ਦੇ ਸਿਰੋਂ ਉੱਠਿਆ ਬਾਪ ਦਾ ਸਾਇਆ ਦੱਸਦਿਆਂ ਜਸਪ੍ਰੀਤ ਕੌਰ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ‘ਚਿੱਟੇ’ ਦੀ ਲਤ ਕਾਰਨ ਦੁਨੀਆ ਛੱਡ ਗਿਆ ਤੇ ਹੁਣ ਦੋ ਛੋਟੇ ਬੱਚਿਆਂ ਦਾ ਬੋਝ ਉਸ ਦੇ ’ਕੱਲੀ ਦੇ ਮੋਢਿਆਂ ’ਤੇ ਆ ਗਿਆ ਹੈ। ਬੁੱਢੀ ਦਾਦੀ ਦਾ ਸਹਾਰਾ ਵੀ ਛੁੱਟਿਆ, ਇਹ ਦਰਦ 60 ਸਾਲਾ ਬਜ਼ੁਰਗ ਮਾਤਾ ਗੁਰਦੇਵ ਕੌਰ ਦਾ 20 ਸਾਲਾ ਪੋਤਾ ਸੁੰਦਰ ਸਿੰਘ ਨਸ਼ੇ ਦੀ ਬਲੀ ਚੜ੍ਹ ਗਿਆ। ਇਸੇ ਤਰ੍ਹਾਂ ਹਰਬੰਸ ਕੌਰ ਦੇ ਪਤੀ ਜਰਨੈਲ ਸਿੰਘ, ਗੁਰਮੇਲ ਕੌਰ ਦੇ ਪਤੀ ਗੁਰਤੇਜ ਸਿੰਘ ਤੇ ਕਿਰਨਜੀਤ ਕੌਰ ਦੇ ਪਤੀ ਜਸਵੀਰ ਸਿੰਘ ਦੀਆਂ ਜ਼ਿੰਦਗੀਆਂ ਵੀ ਇਸ ਜ਼ਹਿਰ ਨੇ ਨਿਗਲ ਲਈਆਂ।
-----
‘ਮੇਰਾ ਪੁੱਤ 70 ਲੱਖ ਦਾ ਨਸ਼ਾ ਕਰ ਗਿਆ, ਆਪ ਜੇਲ੍ਹ ਡਕਵਾਉਣਾ ਪਿਆ’
ਦੁੱਖੀ ਪਿਓ ਜੱਗਾ ਸਿੰਘ ਤੇ ਮਾਤਾ ਗੁਰਜੀਤ ਕੌਰ ਨੇ ਕਲੇਜਾ ਵਲੂੰਧਰਨ ਵਾਲੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ੋਂ ਆਈ 70 ਲੱਖ ਰੁਪਏ ਤੋਂ ਵੱਧ ਦੀ ਰਕਮ ਨਸ਼ਿਆਂ ’ਚ ਉਡਾ ਗਿਆ। ਉਸ ਨੂੰ ਨਸ਼ੇ ਦੀ ਲੱਤ ਤੋਂ ਖਹਿੜਾ ਛਡਾਉਣ ਲਈ ਉਸ ਨੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰੀ ਸੂਬਿਆਂ ਵਿੱਚ ਵੀ ਨਸ਼ਾ ਛੜਾਉ ਕੇਂਦਰਾਂ ਵਿੱਚ ਭਰਤੀ ਕਰਵਾਇਆ ਪਰ ਉਸ ਤੋਂ ਨਸ਼ੇ ਦੀ ਲੱਤ ਨਹੀਂ ਛੱਡੀ ਗਈ। ਹਾਲਾਤ ਇਹ ਬਣ ਗਏ ਕਿ ਪੁੱਤ ਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ ਲਈ ਉਨ੍ਹਾਂ ਨੂੰ ਖ਼ੁਦ ਪੁਲਿਸ ਕੋਲ ਜਾ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰਵਾਉਣਾ ਪਿਆ।
-------
ਮਜ਼ਦੂਰਾਂ ਦੇ ਵਿਹੜਿਆਂ ’ਚ ਪੱਸਰਿਆ ਮਾਤਮ, ਸ਼ਰੇਆਮ ਵਿਕ ਰਿਹੈ ‘ਚਿੱਟਾ’
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਆਖਿਆ ਕਿ ਅੱਜ ਸਭ ਤੋਂ ਵੱਧ ਮਾਰ ਮਜ਼ਦੂਰ ਤੇ ਗ਼ਰੀਬ ਪਰਿਵਾਰਾਂ ’ਤੇ ਪੈ ਰਹੀ ਹੈ, ਜਿਨ੍ਹਾਂ ਦੇ ਗੱਭਰੂ ਪੁੱਤ ਨਸ਼ੇ ’ਚ ਗਰਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੰਡਿਆਇਆ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਦੀਆਂ ਧੜੱਲੇ ਨਾਲ ਗ੍ਰਿਫ਼ਤਾਰੀਆਂ ਕੀਤੀਆਂ ਜਾਣ, ਸਪਲਾਈ ਲਾਈਨ ਤੋੜੀ ਜਾਵੇ ਅਤੇ ਨਸ਼ੇ ’ਚ ਫਸੇ ਮੁੰਡਿਆਂ ਦੇ ਮੁਫ਼ਤ ਇਲਾਜ ਤੇ ਸੁਧਾਰ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਸੋਰੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਸੁਰਜੀਤ ਸਿੰਘ ਠੀਕਰੀਵਾਲ, ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ, ਮੈਨੇਜਰ ਨਿਰਮਲ ਸਿੰਘ ਰਾਜੀਆ, ਗੁਰਜੰਟ ਸਿੰਘ ਸੋਨਾ, ਸੁਖਪਾਲ ਸਿੰਘ ਰੁਪਾਣਾ, ਪਾਲੀ ਹੰਡਿਆਇਆ, ਬੇਅੰਤ ਧਾਲੀਵਾਲ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਤੇ ਨਗਰ ਨਿਵਾਸੀ ਮੌਜੂਦ ਸਨ।