ਰਸਤੇ ਦਾ ਰੌਲਾ, ਗੁਰਦੇਵ ਨਗਰ ਆਲਿਆਂ ਨੇ ਘੇਰੀ ਅਫ਼ਸਰਾਂ ਦੀ ਗੱਡੀ ਬਰਨਾਲਾ 'ਚ ਰਸਤੇ ਦਾ ਰੌਲਾ
Publish Date: Mon, 21 Sep 2026 07:38 PM (IST)
Updated Date: Tue, 22 Sep 2026 04:07 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਦੇ ਗੁਰਦੇਵ ਨਗਰ ਦਾ ਕਾਲੋਨੀ ਮਾਲਕ ਵੱਲੋਂ ਸਰਕਾਰੀ ਰਸਤਾ ਰੋਕਣ ਨੂੰ ਲੈ ਕੇ ਸੋਮਵਾਰ ਦਿਨ ਚੜ੍ਹਦਿਆਂ ਹੀ ਮਾਹੌਲ ਪੂਰਾ ਤਣਾਅਪੂਰਨ ਬਣ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਤੇ ਦੋ ਵਾਰ ਸਾਬਕਾ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਗੇ ਲੰਘਦੇ ਸਰਕਾਰੀ ਰਾਹ ਨੂੰ ਲੈ ਕੇ ਕਾਲੋਨੀ ਮਾਲਕਾਂ ਤੇ ਮੁਹੱਲੇ ਦੇ ਲੋਕਾਂ ਵਿਚਾਲੇ ਖੜਕ ਗਈ। ਅਸਲ ਚ ਨਗਰ ਨਿਗਮ ਵੱਲੋਂ ਵਾਰ-ਵਾਰ ਨੋਟਿਸ ਦੇਣ ਤੇ ਵੀ ਜਦੋਂ ਕਾਲੋਨੀ ਮਾਲਕਾਂ ਨੇ ਲੋਹੇ ਦਾ ਪੱਕਾ ਗੇਟ ਨਾ ਖੋਲ੍ਹਿਆ, ਤਾਂ ਲੰਘੀ ਰਾਤ ਹੀ ਗੁਰਦੇਵ ਨਗਰ ਦੇ ਜਨਾਨੀਆਂ-ਬੱਚਿਆਂ ਸਣੇ ਪਰਿਵਾਰਾਂ ਨਾਲ ਧਰਨਾ ਲਾ ਕੇ ਲੋਕਾਂ ਨੇ ਆਪੇ ਗੇਟ ਪੱਟ ਕੇ ਵਗਾਹ ਮਾਰਿਆ ਸੀ। ਏਸੇ ਗੱਲ ਦੀ ਖੁੰਦਕ ਖਾਂਦਿਆਂ ਸੋਮਵਾਰ ਸਵੇਰੇ ਹੀ ਕਾਲੋਨੀ ਮਾਲਕਾਂ ਨੇ ਪੁਲਿਸ ਵਾਲੇ ਬੈਰੀਗੇਟ ਡਾਹ ਕੇ ਰਸਤਾ ਫੇਰ ਬੰਦ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਸਵੇਰੇ ਸਕੂਲ ਜਾ ਰਹੀਆਂ ਬੱਚਿਆਂ ਦੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ। --ਅਫ਼ਸਰਾਂ ਦੀ ਗੱਡੀ ਘੇਰੀ, ਮੌਕੇ ਤੇ ਚੁੱਕਵਾਏ ਬੈਰੀਗੇਟ ਜਿਵੇਂ ਹੀ ਰਸਤਾ ਬੰਦ ਹੋਣ ਦੀ ਖ਼ਬਰ ਮੁਹੱਲੇ ਚ ਫੈਲੀ, ਗੁਰਦੇਵ ਨਗਰ ਦੇ ਲੋਕ ਜਨਾਨੀਆਂ ਤੇ ਬੱਚਿਆਂ ਸਮੇਤ ਇਕੱਠੇ ਹੋ ਕੇ ਮੌਕੇ ਤੇ ਪਹੁੰਚ ਗਏ। ਮਾਹੌਲ ਗਰਮਾਉਂਦਾ ਵੇਖ ਕੇ ਨਗਰ ਨਿਗਮ ਬਰਨਾਲਾ ਦੇ ਅਫ਼ਸਰ ਵੀ ਗੱਡੀ ਲੈ ਕੇ ਪਹੁੰਚ ਗਏ। ਲੋਕਾਂ ਨੇ ਅਫ਼ਸਰਾਂ ਦੀ ਗੱਡੀ ਦਾ ਘੇਰਾਓ ਕਰ ਲਿਆ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਭੜਾਸ ਕੱਢੀ। ਲੋਕਾਂ ਨੇ ਓਨਾ ਚਿਰ ਅਫ਼ਸਰਾਂ ਦੀ ਗੱਡੀ ਨਹੀਂ ਹਿੱਲਣ ਦਿੱਤੀ ਜਦੋਂ ਤਕ ਉਨ੍ਹਾਂ ਆਪ ਹੱਥੀਂ ਬੈਰੀਕੇਡ ਚੁੱਕ ਕੇ ਰਸਤਾ ਬਹਾਲ ਨਹੀਂ ਕਰਵਾਇਆ। --ਰਜਿਸਟਰੀ ਕੌਂਸਲ ਦੇ ਨਾਂ, ਫੇਰ ਵੀ ਕਾਲੋਨਾਈਜ਼ਰਾਂ ਦੀ ਧੱਕੇਸ਼ਾਹੀ ਰੋਸ ਪ੍ਰਦਰਸ਼ਨ ਕਰ ਰਹੇ ਹਰਦੀਪ ਸਿੰਘ, ਜਗਦੀਪ ਸਿੰਘ, ਸੰਦੀਪ ਸ਼ਰਮਾ, ਲਖਵੀਰ ਸਿੰਘ, ਅਜੈਬ ਸਿੰਘ, ਬੰਤੀ ਦੇਵੀ, ਭੁਪਿੰਦਰ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਦਰਸ਼ਨ ਸਿੰਘ ਤੇ ਮਾਸਟਰ ਤੇਜੀ ਨੇ ਦੱਸਿਆ ਕਿ ਇਹ ਰਸਤਾ ਐਵਰ ਗ੍ਰੀਨ ਕਾਲੋਨੀ ਦੇ ਵਿਚਕਾਰੋਂ ਹੁੰਦਾ ਹੋਇਆ ਨਾਨਕਸਰ ਰੋਡ ਵੱਲ ਨਿਕਲਦਾ ਹੈ। ਕਲੋਨਾਈਜ਼ਰਾਂ ਨੇ ਇਸ ਕਲੋਨੀ ਦੀਆਂ ਸੜਕਾਂ ਦੀ ਰਜਿਸਟਰੀ ਪਹਿਲਾਂ ਹੀ ਨਗਰ ਕੌਂਸਲ ਦੇ ਨਾਂ ਕੀਤੀ ਹੋਈ ਹੈ, ਪਰ ਫੇਰ ਵੀ ਲੋਕਾਂ ਨੂੰ ਤੰਗ ਕਰਨ ਲਈ ਨਾਜਾਇਜ਼ ਗੇਟ ਲਾ ਦਿੱਤੇ ਜਾਂਦੇ ਹਨ। ਲੋਕਾਂ ਦੋਸ਼ ਲਾਇਆ ਕਿ ਇਹ ਅਣ-ਅਧਿਕਾਰਤ ਕਾਲੋਨੀ ਹੈ। ਜਿਸ ਚ ਵੱਡੇ-ਵੱਡੇ ਵਕੀਲਾਂ ਤੇ ਧਨਾਢਾਂ ਦੀਆਂ ਰਿਹਾਇਸ਼ਾਂ ਹਨ, ਤੇ ਕਾਲੋਨੀ ਵੱਲ ਨਿਗਮ ਦੇ ਕਰੋੜਾਂ ਰੁਪਏ ਬਕਾਇਆ ਖੜ੍ਹੇ ਹਨ। ਨਿਗਮ ਵੱਲੋਂ ਨੋਟਿਸਾਂ ਦੇ ਥੱਬੇ ਭੇਜਣ ਦੇ ਬਾਵਜੂਦ ਕਲੋਨਾਈਜ਼ਰ ਕੋਈ ਸੁਣਵਾਈ ਨਹੀਂ ਕਰ ਰਹੇ। --ਹਾਈਵੇਅ ਜਾਮ ਕਰਨ ਦੀ ਦਿੱਤੀ ਚੇਤਾਵਨੀ ਮੁਹੱਲਾ ਵਾਸੀਆਂ ਨੇ ਸਾਫ਼ ਸ਼ਬਦਾਂ ਚ ਆਖਿਆ ਕਿ ਕਾਲੋਨੀ ਮਾਲਕ ਕੋਲ ਸਰਕਾਰੀ ਰਾਹ ਰੋਕਣ ਦਾ ਕੋਈ ਹੱਕ ਨਹੀਂ ਹੈ। ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਕੋਈ ਪੱਕਾ ਹੱਲ ਨਾ ਕੀਤਾ, ਤਾਂ ਉਹ ਪਰਿਵਾਰਾਂ ਸਮੇਤ ਨੈਸ਼ਨਲ ਹਾਈਵੇਅ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰਨਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੂਜੇ ਪਾਸੇ ਮੌਕੇ ਤੇ ਪੁੱਜੇ ਨਿਗਮ ਦੇ ਅਫ਼ਸਰਾਂ ਨੇ ਮੰਨਿਆ ਕਿ ਰਸਤਾ ਰੋਕਣਾ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤੇ ਬੈਰੀਕੇਡ ਹਟਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ।