ਜਮਹੂਰੀ ਅਧਿਕਾਰ ਸਭਾ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ
ਜਮਹੂਰੀ ਅਧਿਕਾਰ ਸਭਾ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ, ਸਖਤ ਸਜ਼ਾਵਾਂ ਦੇਣ ਦੀ ਮੰਗ
Publish Date: Wed, 25 Mar 2026 03:50 PM (IST)
Updated Date: Wed, 25 Mar 2026 03:52 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਦੋ ਦਿਨ ਪਹਿਲਾਂ ਧਨੌਲਾ ਥਾਣੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਰਾਜਗੜ੍ਹ ਪਿੰਡ ’ਚ ਕੀਤੀ ਅਣਮਨੁੱਖੀ ਕਾਰਵਾਈ ਦੀ ਸਖਤ ਨਿਖੇਧੀ ਕਰਦੇ ਹੋਏ ਸਬੰਧਿਤ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਮਾਝੀ ਤੇ ਸਕੱਤਰ ਬਿੱਕਰ ਸਿੰਘ ਔਲਖ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਇਕ ਪੰਚਾਇਤ ਮੈਂਬਰ ਦੀ ਮਾਮੂਲੀ ਸ਼ਿਕਾਇਤ ’ਤੇ ਧਨੌਲਾ ਥਾਣੇ ਦੇ ਇੰਚਾਰਜ ਨੇ ਬਿਨ ਵਰਦੀ ਹੀ ਧਾਵਾ ਬੋਲ ਦਿੱਤਾ ਤੇ ਔਰਤਾਂ ਸਮੇਤ ਇਕ ਪਰਿਵਾਰ ਦੇ ਮੈਂਬਰਾਂ ਨੂੰ ਸ਼ਰੇਆਮ ਗਾਲ੍ਹਾਂ ਕੱਢੀਆਂ, ਅੱਤ ਦੀ ਮੰਦੀ ਸ਼ਬਦਾਵਲ਼ੀ ਵਰਤੀ, ਅਤੇ ਖਿੱਚ-ਧੂਹ ਕੀਤੀ। ਇਸ ਕਦਰ ਬੇਇਜ਼ਤੀ ਕੀਤੀ ਅਤੇ ਦਹਿਸ਼ਤ ਪਾਈ ਗਈ ਕਿ ਇਕ ਪਰਿਵਾਰਕ ਮੈਂਬਰ, ਮਨਜਿੰਦਰ ਸਿੰਘ ਇਸ ਬੇਇੱਜਤੀ ਨੂੰ ਨਾ-ਸਹਾਰਦਾ ਹੋਇਆ ਖੁਦਕੁਸ਼ੀ ਕਰਨ ਦੇ ਮੰਤਵ ਨਾਲ ਜ਼ਹਿਰ ਪੀ ਗਿਆ। ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਹੁਣ ਪੁਲਿਸ ਰਾਜ ਵਿਚ ਤਬਦੀਲ ਹੋ ਚੁੱਕਿਆ ਹੈ। ਹਰ ਦਿਨ ਅਜਿਹੇ ਵਰਤਾਰੇ ਵਾਪਰ ਰਹੇ ਹਨ, ਕਿਤੇ ਕੋਈ ਗਗਨਦੀਪ ਸਿੰਘ ਰੰਧਾਵਾ ਕਿਸੇ ਮੰਤਰੀ ਦਾ ਸਤਾਇਆ ਖੁਦਕੁਸ਼ੀ ਕਰ ਜਾਂਦਾ ਹੈ ਅਤੇ ਕਿਤੇ ਕਿਸੇ ਰਣਜੀਤ ਸਿੰਘ ਨੂੰ ਸ਼ਰੇਆਮ ਘਰੋਂ ਚੁੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿਤਾ ਜਾਂਦਾ ਹੈ। ਲੋਕਾਂ ਉੱਪਰ ਦਹਿਸ਼ਤ ਪਾਉਣ ਲਈ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਅਤੇ ਜ਼ਿਆਦਾ ‘ਰੌਲਾ’ ਪੈਣ ’ਤੇ ਲਾਈਨ ਹਾਜ਼ਰ ਜਾਂ ਮੁਅੱਤਲ ਕਰਨ ਦੇ ਡਰਾਮਾ ਰਾਹੀਂ ਲੋਕਾਂ ਦੇ ਰੋਹ ਨੂੰ ਠੰਡਾ ਕਰ ਦਿਤਾ ਜਾਂਦਾ ਹੈ। ਇਸ ਮਾਮਲੇ ਵਿਚ ਵੀ ਅਜਿਹਾ ਹੀ ਡਰਾਮਾ ਕੀਤਾ ਗਿਆ ਹੈ। ਵਰਨਾ ਤਾਂ ਪਹਿਲਾਂ ਵੀ ਇਸੇ ਪੁਲਿਸ ਅਫਸਰ ਦੇ ਅਜਿਹੇ ਅਨੇਕਾਂ ਕਾਰਨਾਮੇ ਇਸ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜੂਡੀਸ਼ੀਅਲ ਜਾਂਚ ਕਰਵਾਈ ਜਾਵੇ, ਸਬੰਧਿਤ ਪੁਲਿਸ ਅਧਿਕਾਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਸ ਵਿਰੁੱਧ ਢੁੱਕਵੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਜਾਵੇ। ਇਸ ਘਟਨਾ ਲਈ ਜ਼ਿੰਮੇਵਾਰ ਸੱਤਾਧਾਰੀ ਪਾਰਟੀ ਦੇ ਆਗੂਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ।