ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਨਾ ਲੈਣ ਦੀ ਮੰਗ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਵਾਧੂ ਕੰਮ ਆਂਗਣਵਾੜੀ ਵਰਕਰਾਂ ਤੋਂ ਨਾ ਲੈਣ ਦੀ ਮੰਗ
Publish Date: Mon, 21 Sep 2026 06:09 PM (IST)
Updated Date: Tue, 22 Sep 2026 04:06 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਬਰਨਾਲਾ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਜਿੰਦਰਪਾਲ ਕੌਰ ਨਾਲ ਮੁਲਾਕਾਤ ਕਰਕੇ ਆਂਗਨਵਾੜੀ ਵਰਕਰਾਂ ਨੂੰ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਸੌਂਪਣ ਦਾ ਮੁੱਦਾ ਉਠਾਇਆ। ਯੂਨੀਅਨ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉੱਪਰ ਪਹਿਲਾਂ ਹੀ ਵਿਭਾਗੀ ਕੰਮ ਦਾ ਵੱਡਾ ਬੋਝ ਹੈ। ਇਸ ਲਈ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਸਮੇਤ ਰਾਸ਼ਨ ਕਾਰਡਾਂ ਨਾਲ ਸਬੰਧਤ ਵਾਧੂ ਕੰਮ ਆਂਗਨਵਾੜੀ ਵਰਕਰਾਂ ਤੋਂ ਲੈਣਾ ਉਚਿਤ ਨਹੀਂ ਹੈ। ਇਸ ਮੌਕੇ ਬਲਰਾਜ ਕੌਰ, ਰੁਪਿੰਦਰ ਬਾਵਾ, ਬਲਜੀਤ ਕੌਰ ਸੇਖਾ ਤੇ ਕਰਮਜੀਤ ਕੌਰ ਭੱਦਲਵੱਡ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ, ਨਵੇਂ ਰਾਸ਼ਨ ਕਾਰਡ ਬਣਾਉਣ ਤੇ ਰਾਸ਼ਨ ਕਾਰਡਾਂ ’ਚ ਮੈਂਬਰ ਸ਼ਾਮਲ ਕਰਨ ਵਰਗੇ ਗੈਰ-ਸਬੰਧਤ ਵਾਧੂ ਕੰਮ ਨਾ ਲਏ ਜਾਣ। ਯੂਨੀਅਨ ਆਗੂਆਂ ਕਿਹਾ ਕਿ ਸਰਕਾਰੀ ਹਦਾਇਤਾਂ ਦੇ ਬਾਵਜੂਦ ਹੇਠਲੇ ਪੱਧਰ ’ਤੇ ਅਧਿਕਾਰੀਆਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਵੱਲੋਂ ਆਂਗਨਵਾੜੀ ਵਰਕਰਾਂ ’ਤੇ ਵਾਧੂ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਕਾਰਨ ਵਰਕਰਾਂ ਨੂੰ ਵਾਧੂ ਕੰਮ ਦੇ ਬੋਝ ਦੇ ਨਾਲ-ਨਾਲ ਮਾਨਸਿਕ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੋਂ ਵਾਧੂ ਡਿਊਟੀਆਂ ਨਾ ਲੈਣ ਸਬੰਧੀ ਅਦਾਲਤੀ ਫ਼ੈਸਲੇ ਤੇ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਜੇਕਰ ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣ ਦੀ ਪ੍ਰਥਾ ਜਾਰੀ ਰਹੀ ਤਾਂ ਯੂਨੀਅਨ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।