- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦਾ ਸੋ ਮੋਟੋ ਲੈਂਦਿਆਂ ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਟੀਮ ਵੀਰਵਾਰ ਨੂੰ ਗਰਾਊਂਡ ਰਿਪੋਰਟ ਤਿਆਰ ਕਰਨ ਲਈ ਬਰਨਾਲਾ ਪਹੁੰਚੀ। ਇਸ ਟੀਮ ਵਿੱਚ ਦਿੱਲੀ ਸਫ਼ਾਈ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਅਤੇ ਚੰਡੀਗੜ੍ਹ /ਪੰਜਾਬ ਤੋਂ ਮੈਂਬਰ ਕਰਮ ਸਿੰਘ ਕਰਮਾ ਸ਼ਾਮਲ ਸਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦਾ ਸੋ ਮੋਟੋ ਲੈਂਦਿਆਂ ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਟੀਮ ਵੀਰਵਾਰ ਨੂੰ ਗਰਾਊਂਡ ਰਿਪੋਰਟ ਤਿਆਰ ਕਰਨ ਲਈ ਬਰਨਾਲਾ ਪਹੁੰਚੀ। ਇਸ ਟੀਮ ਵਿੱਚ ਦਿੱਲੀ ਸਫ਼ਾਈ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਅਤੇ ਚੰਡੀਗੜ੍ਹ /ਪੰਜਾਬ ਤੋਂ ਮੈਂਬਰ ਕਰਮ ਸਿੰਘ ਕਰਮਾ ਸ਼ਾਮਲ ਸਨ।
ਬਰਨਾਲਾ ਪਹੁੰਚ ਕੇ ਟੀਮ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਰਾਬਤਾ ਕਾਇਮ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਸਿਵਲ ਹਸਪਤਾਲ ਵਿੱਚ ਜੇਰ-ਏ-ਇਲਾਜ ਸਫ਼ਾਈ ਕਰਮਚਾਰੀਆਂ ਦਾ ਹਾਲ-ਚਾਲ ਜਾਣਿਆ ਅਤੇ ਘਟਨਾ ਸਬੰਧੀ ਉਹਨਾਂ ਦੇ ਬਿਆਨ ਕਲਮਬੰਦ ਕੀਤੇ। ਦਿੱਲੀ ਤੋਂ ਆਏ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ।
ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚੋਂ 13 ਜ਼ਖ਼ਮੀ ਸਫ਼ਾਈ ਕਰਮਚਾਰੀਆਂ ਅਤੇ 4 ਪੁਲਿਸ ਮੁਲਾਜ਼ਮਾਂ ਦੀ ਮੈਡੀਕਲ ਰਿਪੋਰਟ ਹਾਸਲ ਕਰ ਲਈ ਗਈ ਹੈ, ਜਿਸ ਦੀ ਦਿੱਲੀ ਪਹੁੰਚ ਕੇ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ।
ਪੰਜਾਬ ਸਰਕਾਰ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਉੱਪ ਚੇਅਰਮੈਨ ਨੇ ਦੱਸਿਆ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਨੋਟਿਸ ਜਾਰੀ ਕਰਕੇ ਲਿਖਤੀ ਜਵਾਬ ਮੰਗਿਆ ਜਾਵੇਗਾ। ਉਹਨਾਂ ਸਪੱਸ਼ਟ ਕੀਤਾ ਕਿ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਸਾਰੇ ਜ਼ਰੂਰੀ ਤੱਥ ਅਤੇ ਅੰਕੜੇ ਇੱਕਠੇ ਕਰ ਲਏ ਗਏ ਹਨ। ਇਹਨਾਂ ਦੀ ਜਾਂਚ ਤੋਂ ਬਾਅਦ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਲਿਖਤੀ ਸੁਝਾਅ ਅਤੇ ਨੋਟਿਸ ਭੇਜਿਆ ਜਾਵੇਗਾ।
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਵੇਗੀ ਆਰਥਿਕ ਮਦਦ
ਜ਼ਖ਼ਮੀ ਕਰਮਚਾਰੀਆਂ ਦੀ ਮਾਲੀ ਮਦਦ ਬਾਰੇ ਬੋਲਦਿਆਂ ਉੱਪ ਚੇਅਰਮੈਨ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੀੜਤਾਂ ਨੂੰ 25,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਇਸ ਰਾਹਤ ਰਾਸ਼ੀ ਨੂੰ ਜਲਦ ਤੋਂ ਜਲਦ ਜਾਰੀ ਕਰਵਾਉਣ ਲਈ ਉਹਨਾਂ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ (ਆਈਏਐੱਸ) ਹਰਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਜ਼ਖ਼ਮੀ ਕਰਮਚਾਰੀਆਂ ਦੇ ਪਰਿਵਾਰਾਂ ਤੱਕ ਇਹ ਮਦਦ ਬਿਨਾਂ ਕਿਸੇ ਦੇਰੀ ਦੇ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।