ਪਾਲੀ ਖ਼ਾਦਿਮ ‘ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ 2026’ ਨਾਲ ਸਨਮਾਨਿਤ ਟੰਡਨ ਸਕੂਲ ਵਿਖੇ ਪਾਲੀ ਖ਼ਾਦਿਮ ਨੂੰ ‘ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ 2026’ ਨਾਲ ਕੀਤਾ ਸਨਮਾਨਿਤ
Publish Date: Sun, 18 Oct 2026 04:22 PM (IST)
Updated Date: Sun, 18 Oct 2026 04:24 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬੀ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਨਾਵਲਕਾਰ ਰਾਜ ਕਮਲ ਸਾਹਿਤ ਸਭਾ ਵੱਲੋਂ ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਵਿਖੇ ਸਾਹਿਤਕ ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਪੁਰਸਕਾਰ ਜੇਤੂ ਸਾਹਿਤਕਾਰ ਪਾਲੀ ਖ਼ਾਦਿਮ ਨੂੰ ‘ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ 2026’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ। ਇਸ ਮੌਕੇ ਸਾਹਿਤ, ਸਿੱਖਿਆ, ਪੱਤਰਕਾਰੀ ਤੇ ਸਮਾਜ ਸੇਵਾ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਾਲੀ ਖ਼ਾਦਿਮ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਹਿਤਕਾਰ ਸਮਾਜ ਦੀ ਚੇਤਨਾ ਦੇ ਅਸਲ ਪਹਿਰੇਦਾਰ ਹੁੰਦੇ ਹਨ। ਉਹ ਆਪਣੀ ਕਲਮ ਰਾਹੀਂ ਸਮਾਜਿਕ ਹਕੀਕਤਾਂ, ਮਨੁੱਖੀ ਭਾਵਨਾਵਾਂ ਤੇ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਆਵਾਜ਼ ਦਿੰਦੇ ਹਨ। ਉਨ੍ਹਾਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਤੇ ਸਾਹਿਤ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬੁਲਾਰਿਆਂ ਨੇ ਪਾਲੀ ਖ਼ਾਦਿਮ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਰਚਨਾਤਮਕ ਸੋਚ, ਸਾਹਿਤ ਪ੍ਰਤੀ ਲਗਨ ਤੇ ਪੰਜਾਬੀ ਮਾਂ ਬੋਲੀ ਨਾਲ ਜੁੜਾਅ ਸਦਕਾ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੂੰ ਦਿੱਤਾ ਗਿਆ ਇਹ ਸਨਮਾਨ ਨਵੀਆਂ ਸਾਹਿਤਕ ਪ੍ਰਤਿਭਾਵਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ। ਸਮਾਗਮ ਦੌਰਾਨ ਪ੍ਰਸਿੱਧ ਨਾਵਲਕਾਰ ਸਵਰਗੀ ਰਾਜ ਕਮਲ ਦੀ ਸਾਹਿਤਕ ਵਿਰਾਸਤ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਨੇ ਆਪਣਾ ਜੀਵਨ ਸਾਹਿਤਕ ਸਿਰਜਣਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਦੇ ਚਰਚਿਤ ਨਾਵਲਾਂ ’ਚ ‘ਅੰਜਾਮ’, ‘ਬਹੁਰੂਪੀਆ’, ‘ਮੇਰੇ ਹਮਸਫ਼ਰ’ ਤੇ ‘ਸੰਦੇਸ਼’ ਸ਼ਾਮਲ ਹਨ। ਉਨ੍ਹਾਂ ਦੀ ਯਾਦ ’ਚ ਸ਼ੁਰੂ ਕੀਤਾ ਗਿਆ ‘ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ’ ਨਵੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਹੈ। ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਲਾਇਨ ਸ਼ਿਵ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਰਾਜ ਕਮਲ ਦੀ ਸਾਹਿਤ ਪ੍ਰਤੀ ਲਗਨ ਤੇ ਸਮਰਪਣ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇ ਹਨ। ਉਨ੍ਹਾਂ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾਉਣਾ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਲਈ ਪਰਿਵਾਰਕ ਸੰਕਲਪ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਲੇਖਕ ਦੀਆਂ ਰਚਨਾਵਾਂ ਉਸ ਦੇ ਜਾਣ ਤੋਂ ਬਾਅਦ ਵੀ ਪੀੜ੍ਹੀਆਂ ਤੱਕ ਸਮਾਜ ਨੂੰ ਸੇਧ ਦਿੰਦੀਆਂ ਰਹਿੰਦੀਆਂ ਹਨ। ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇਣ ਦੇ ਨਾਲ-ਨਾਲ ਸਾਹਿਤ, ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਵੀ ਹੈ। ਉਨ੍ਹਾਂ ਅਨੁਸਾਰ ਸਮਾਜ ਦਾ ਸਰਬਪੱਖੀ ਵਿਕਾਸ ਸਿੱਖਿਆ, ਸਾਹਿਤ ਤੇ ਉਸਾਰੂ ਸੋਚ ਰਾਹੀਂ ਹੀ ਸੰਭਵ ਹੈ। ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਲਾਇਨ ਰਵਿੰਦਰ ਬਾਂਸਲ ਨੇ ਕਿਹਾ ਕਿ ਸਾਹਿਤਕਾਰਾਂ ਦਾ ਸਨਮਾਨ ਕਰਨਾ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਅਜਿਹੇ ਸਮਾਗਮ ਸਾਹਿਤਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਉੱਘੇ ਸਾਹਿਤਕਾਰ ਭੁਪਿੰਦਰ ਸਿੰਘ ਮਾਨ, ਡਾ. ਭੁਪਿੰਦਰ ਸਿੰਘ ਬੇਦੀ ਤੇ ਹੋਰ ਸ਼ਖ਼ਸੀਅਤਾਂ ਨੇ ਪੰਜਾਬੀ ਸਾਹਿਤ ਦੀ ਅਮੀਰ ਪਰੰਪਰਾ ਤੇ ਨਵੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਪ੍ਰੋ. ਭਾਰਤ ਭੂਸ਼ਣ ਤੇ ਗੁਰਪ੍ਰੀਤ ਸਿੰਘ ਨੇ ਕੀਤਾ। ਸਮਾਗਮ ’ਚ ਲਾਇਨਜ਼ ਕਲੱਬ ਦੇ ਅਹੁਦੇਦਾਰਾਂ, ਲੇਖਕਾਂ, ਪੱਤਰਕਾਰਾਂ, ਸਿੱਖਿਆ ਸ਼ਾਸਤਰੀਆਂ, ਸਾਹਿਤ ਪ੍ਰੇਮੀਆਂ ਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਅੰਤ ’ਚ ਪ੍ਰਬੰਧਕਾਂ ਵੱਲੋਂ ਪਾਲੀ ਖ਼ਾਦਿਮ ਨੂੰ ਵਧਾਈ ਦਿੱਤੀ ਗਈ ਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।