ਮਾਤਾ ਸਾਹਿਬ ਕੌਰ ਗਰਲਜ਼ ’ਚ ਕਰਵਾਏ ਪ੍ਰਤਿਭਾ ਖੋਜ ਮੁਕਾਬਲੇ ਮਾਤਾ ਸਾਹਿਬ ਕੌਰ ਗਰਲਜ਼ ਗਹਿਲ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Publish Date: Sun, 18 Oct 2026 04:00 PM (IST)
Updated Date: Sun, 18 Oct 2026 04:03 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਬੰਧ ਤੇ ਪਿ੍ੰਸੀਪਲ ਚਰਨਦੀਪ ਸਿੰਘ ਦੀ ਅਗਵਾਈ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਵਿਖੇ ਵਿਦਿਆਰਥਣਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥਣਾਂ ਨੂੰ ਆਪਣੀ ਕਲਾ, ਸਿਰਜਣਾਤਮਕ ਸੋਚ, ਗਿਆਨ ਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ’ਚ ਹਿੱਸਾ ਲੈਂਦਿਆਂ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥਣਾਂ ਦੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਪਛਾਣਨ ਤੇ ਨਿਖਾਰਨ ਲਈ ਪ੍ਰੇਰਿਤ ਕਰਦੇ ਹਨ। ਪੜ੍ਹਾਈ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ’ਚ ਭਾਗ ਲੈਣ ਨਾਲ ਵਿਦਿਆਰਥਣਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਤੇ ਉਨ੍ਹਾਂ ’ਚ ਮਿਲਵਰਤਣ, ਅਨੁਸ਼ਾਸਨ, ਟੀਮ ਭਾਵਨਾ ਤੇ ਮੁਕਾਬਲੇ ਦੀ ਭਾਵਨਾ ਵਰਗੇ ਗੁਣ ਵਿਕਸਿਤ ਹੁੰਦੇ ਹਨ। ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਸਾਹਿਤਿਕ ਕਲਾਵਾਂ ’ਚ ਭਾਸ਼ਣ ਕਲਾ, ਵਾਦ ਵਿਵਾਦ ਕਾਵਿ ਉਚਾਰਨ ਦੇ ਮੁਕਾਬਲੇ ਹੋਏ। ਕੋਮਲ ਕਲਾਵਾਂ ’ਚ ਮੌਕੇ ਤੇ ਚਿੱਤਰਕਾਰੀ, ਕੋਲਾਜ ਬਣਾਉਣਾ, ਪੋਸਟਰ ਬਣਾਉਣਾ, ਕਲੇਅ ਮਾਡਲਿੰਗ, ਰੰਗੋਲੀ ਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਪ੍ਰਦਰਸ਼ਨੀ ਕਲਾਵਾਂ ਅਧੀਨ ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਗੁੱਡੀਆਂ ਪਟੋਲੇ, ਇਨੂੰ, ਮਿੱਟੀ ਦੇ ਖਿਡੌਣੇ, ਖਿੱਦੋ ਬਣਾਉਣੀ, ਪੀੜੀ ਬੁਣਨੀ, ਕਰੋਸ਼ੀਆ ਦੀ ਬੁਣਤੀ ਆਦਿ ਪ੍ਰਤੀਯੋਗਤਾਵਾਂ ਵੀ ਹੋਈਆਂ। ਵਿਦਿਆਰਥਣਾਂ ਨੇ ਜੋਸ਼ ਨਾਲ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਨੂੰ ਪੂਰੀ ਸ਼ਿੱਦਤ ਨਾਲ ਪ੍ਰਗਟਾਇਆ। ਯੂਥ ਕੋਆਰਡੀਨੇਟਰ ਪ੍ਰੋ. ਜਸਕਰਨ ਕੌਰ, ਕੋ-ਕੋਆਰਡੀਨੇਟਰ ਪ੍ਰੋ. ਲਵਜੀਤ ਕੌਰ ਅਤੇ ਇਸ ਤੋਂ ਇਲਾਵਾ ਪ੍ਰੋ. ਅਮਨਦੀਪ ਕੌਰ, ਪ੍ਰੋ. ਸਿਮਰਜੀਤ ਕੌਰ, ਸ਼ਾਮਿਲ ਸਨ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ (ਕਮਰਸ) ਵੱਲੋਂ ਬਖੂਬੀ ਨਿਭਾਇਆ ਗਿਆ।