- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਚਹਿਰੀ ਚੌਂਕ ’ਚ ਸੜਕ ਧਸਣ ਕਾਰਨ ਬਣਿਆ ਖੱਡਾ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ

ਨਵਦੀਪ ਸੇਖਾ, ਪੰਜਾਬੀ ਜਾਗਰਣ
ਬਰਨਾਲਾ : ਪਿਛਲੇ ਕਈ ਸਾਲਾਂ ਤੋਂ ਸਥਾਨਕ ਕਚਹਿਰੀ ਚੌਕ ’ਚ ਸੜਕ ਧੱਸਣ ਕਾਰਨ ਬਣਿਆ ਟੋਇਆ ਸ਼ਹਿਰ ਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਭਾਵੇਂ ਸਬੰਧਿਤ ਵਿਭਾਗ ਵੱਲੋਂ ਇਸ ਟੋਏ ਨੂੰ ਭਰ ਕੇ ਇਸ ’ਤੇ ਲੁੱਕ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਸ ਜਗ੍ਹਾ ’ਤੇ ਫਿਰ ਤੋਂ ਸੜਕ ਧੱਸਣ ਕਾਰਨ ਇਹ ਟੋਇਆ ਫਿਰ ਖੁੱਲ ਜਾਂਦਾ ਹੈ। ਪਰ ਹਾਲੇ ਤੱਕ ਇਸ ਦਾ ਕੋਈ ਪੱਕਾ ਤੇ ਪੁਖਤਾ ਹੱਲ ਨਹੀਂ ਹੋਇਆ ਹੈ।
- ਪਿਛਲੇ ਕਰੀਬ 4 ਸਾਲਾਂ ਤੋਂ ਇਸ ਟੋਏ ਦਾ ਨਹੀਂ ਹੋਇਆ ਪੱਕਾ ਹੱਲ
ਜਾਣਕਾਰੀ ਅਨੁਸਾਰ ਸਥਾਨਕ ਕਚਹਿਰੀ ਚੌਕ ਦੇ ਵਿਚਕਾਰ ਸਹਿਰ ਦੇ ਅੰਦਰ ਹੋਣ ਵਾਲੇ ਰਸਤੇ ’ਚ ਸੜਕ ਧੱਸਣ ਕਾਰਨ ਇੱਕ ਟੋਇਆ ਬਣ ਗਿਆ ਸੀ। ਜੋ ਪਿਛਲੇ ਕਰੀਬ ਚਾਰ ਸਾਲਾਂ ਤੋਂ ਬਣਿਆ ਹੋਇਆ ਹੈ। ਭਾਵੇਂ ਇਸ ਟੋਏ ਨੂੰ ਸਬੰਧਿਤ ਵਿਭਾਗ ਵੱਲੋਂ ਭਰ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਕੁੱਝ ਸਮੇਂ ਬਾਅਦ ਇਹ ਖੱਡਾ ਫਿਰ ਤੋਂ ਬਣ ਜਾਂਦਾ ਹੈ। ਜਿਸ ਕਾਰਨ ਸ਼ਹਿਰ ਨੂੰ ਜਾਣ ਵਾਲੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਾਮ ਦਾ ਵੀ ਕਾਰਨ ਬਣ ਜਾਂਦਾ ਹੈ। ਇਹ ਰਸਤਾ ਜਿੱਥੇ ਸ਼ਹਿਰ ਨੂੰ ਜਾਣ ਵਾਲਾ ਮੁੱਖ ਰਸਤਾ ਹੈ ਉੱਥੇ ਹੀ 200 ਕੁ ਮੀਟਰ ਦੀ ਦੂਰੀ ’ਤੇ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਵੀ ਕੋਲ ਹੈ। ਚੌਕ ’ਚ ਬਣੇ ਇਸ ਟੋਏ ’ਚ ਹਾਦਸਾ ਰੋਕਣ ਲਈ ਸਥਾਨਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਬੈਰੀਕੇਡ ਲਗਾਇਆ ਹੋਇਆ ਹੈ, ਪਰ ਹਾਲੇ ਤੱਕ ਇਸ ਟੋਏ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ, ਜੋ ਰੋਜ਼ਾਨਾ ਵੱਡਾ ਹੁੰਦਾ ਜਾ ਰਿਹਾ ਹੈ ਤੇ ਬਰਸਾਤਾਂ ਦੇ ਦਿਨਾਂ ’ਚ ਇਹ ਟੋਇਆ ਫਿਰ ਤੋਂ ਖੁੱਲ੍ਹ ਜਾਵੇਗਾ ਤੇ ਪਰੇਸ਼ਾਨੀਆਂ ਦਾ ਕਾਰਨ ਬਣੇਗਾ।
- ਇਸ ਟੋਏ ਦਾ ਪੱਕਾ ਹੱਲ ਨਹੀਂ ਹੋਇਆ : ਸਥਾਨਕ ਵਾਸੀ
ਇਸ ਮੌਕੇ ਹਰੀਸ ਚੰਦਰ, ਦੁਕਾਨ ਮਹੇਸ ਕੁਮਾਰ, ਵਿਜੈ ਕੁਮਾਰ, ਡਾ. ਅਮਰਜੀਤ ਸਿੰਘ, ਨਰੇਸ ਆਦਿ ਦੱਸਿਆ ਕਿ ਚੌਂਕ ’ਚ ਸੜਕ ਧੱਸਣ ਕਾਰਨ ਬਣਿਆ ਟੋਇਆ ਪਿਛਲੇ ਕਈ ਸਾਲਾਂ ਤੋਂ ਹੈ। ਹਰ ਸਾਲ ਇਹ ਟੋਇਆ ਮੀਂਹ ਪੈਣ ਕਾਰਨ ਖੁੱਲ੍ਹ ਜਾਂਦਾ ਹੈ, ਸਬੰਧਿਤ ਵਿਭਾਗੀ ਕਰਮਚਾਰੀਆਂ ਵੱਲੋਂ ਇਸ ਟੋਏ ਨੂੰ ਭਰ ਕੇ ਉੱਪਰ ਲੁੱਕ ਪਾ ਦਿੱਤੀ ਜਾਂਦੀ ਹੈ ਪਰ ਫਿਰ ਕੁੱਝ ਸਮੇਂ ਬਾਅਦ ਉਹ ਹਾਲ ਹੋ ਜਾਂਦਾ ਹੈ। ਪਰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਅਜੇ ਤੱਕ ਨਹੀਂ ਹੋਇਆ ਹੈ। ਇਸ ਟੋਏ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਤੋਂ ਨਿਯਾਤ ਮਿਲ ਸਕੇ।