- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਮਹੂਰੀ ਅਧਿਕਾਰ ਸਭਾ ਦਾ 18ਵਾਂ ਸੂਬਾਈ ਇਜਲਾਸ ਸੰਪੰਨ

ਸ੍ਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਸਥਾਨਕ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਦੀ ਵਿਚਾਰ-ਚਰਚਾ ਉਪਰੰਤ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਤੋਂ ਪਹੁੰਚੇ ਡੈਲੀਗੇਟਾਂ ਨੇ ਦੇਸ਼ ਅਤੇ ਪੰਜਾਬ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਅਤੇ ਜਥੇਬੰਦਕ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਦੇਸ਼ ਵਿੱਚ ਜਮਹੂਰੀ ਅਧਿਕਾਰਾਂ ਦੀ ਸਥਿਤੀ, ਨਿਆਂਪਾਲਿਕਾ ਦੀ ਸੁਤੰਤਰਤਾ, ਸਿਆਸੀ ਕੈਦੀਆਂ, ਆਦਿਵਾਸੀਆਂ ਦੇ ਹੱਕਾਂ ਅਤੇ ਨਵੇਂ ਕਿਰਤ ਕੋਡਾਂ ਬਾਰੇ ਚਿੰਤਾ ਪ੍ਰਗਟਾਈ। ਇਜਲਾਸ ਵਿੱਚ ਪੁਲਿਸ ਜਬਰ, ਬੁਲਡੋਜ਼ਰ ਕਾਰਵਾਈਆਂ, ਐੱਨ.ਆਈ.ਏ. ਦੇ ਛਾਪਿਆਂ, ਐੱਸ.ਆਈ.ਆਰ., ਕਾਲੇ ਕਾਨੂੰਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਮਤੇ ਪਾਸ ਕੀਤੇ ਗਏ। ਸਭਾ ਨੇ ਯੂ.ਏ.ਪੀ.ਏ. ਸਮੇਤ ਜਾਬਰ ਕਾਨੂੰਨ ਰੱਦ ਕਰਨ, ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ, ਬੁਲਡੋਜ਼ਰ ਕਾਰਵਾਈਆਂ ਬੰਦ ਕਰਨ ਅਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ। ਇਜਲਾਸ ਦੌਰਾਨ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰੋ. ਜਗਮੋਹਨ ਸਿੰਘ ਨੂੰ ਪ੍ਰਧਾਨ ਅਤੇ ਜਸਵੰਤ ਜੀਰਖ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਬਰਿੰਦਰ ਅਤੇ ਡਾ. ਬਰਜਿੰਦਰ ਸੋਹਲ ਮੀਤ ਪ੍ਰਧਾਨ, ਨਰਭਿੰਦਰ ਜਥੇਬੰਦਕ ਸਕੱਤਰ, ਤਰਸੇਮ ਲਾਲ ਵਿੱਤ ਸਕੱਤਰ, ਡਾ. ਬਰਜਿੰਦਰ ਪ੍ਰਕਾਸ਼ਨ ਸਕੱਤਰ, ਸਵਰਨਜੀਤ ਸਿੰਘ ਦਫ਼ਤਰ ਸਕੱਤਰ, ਪ੍ਰਿਤਪਾਲ ਸਿੰਘ ਕੌਮੀ ਕੋਆਰਡੀਨੇਟਰ ਅਤੇ ਅਮਰਜੀਤ ਸ਼ਾਸਤਰੀ ਪ੍ਰੈੱਸ ਸਕੱਤਰ ਚੁਣੇ ਗਏ। ਅਖੀਰ ਵਿੱਚ ਸਭਾ ਨੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਪੀੜਤ ਲੋਕਾਂ ਦੇ ਸੰਘਰਸ਼ਾਂ ਨਾਲ ਸਿੱਧਾ ਜੁੜਨ ਦਾ ਅਹਿਦ ਲਿਆ।