- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕਰਕੇ ਆਪ ਦੀ ਰੈਲੀ ਕਰਵਾਉਣਾ ਪੰਜਾਬ ਦੇ ਲੋਕਾਂ ਨਾਲ ਧੋਖਾ: ਬਲਦੇਵ ਪੇਧਨੀ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ
ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ਸਬੰਧੀ ਪੰਜਾਬ ਸਰਕਾਰ ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਮੈਂਬਰ ਅਤੇ ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਆਗੂ ਬਲਦੇਵ ਸਿੰਘ ਪੇਧਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਸਿਆਸੀ ਅਤੇ ਚੋਣਾਵੀ ਸਰਗਰਮੀਆਂ ਲਈ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਰਾਸ਼ਨ ਕਾਰਡ ਵੰਡ ਸਮਾਰੋਹ ਕਰਕੇ ਇਸ ਨੂੰ ਸਰਕਾਰੀ ਪ੍ਰੋਗਰਾਮ ਬਣਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੇਵਾ ਕਰਨ ਲਈ ਸੱਤਾ ਸੌਂਪੀ ਸੀ, ਨਾ ਕਿ ਆਪਣੇ ਸਿਆਸੀ ਆਕਾਵਾਂ ਅਤੇ ਦਿੱਲੀ ਦੇ ਆਗੂਆਂ ਦੇ ਸਿਆਸੀ ਪ੍ਰੋਗਰਾਮਾਂ 'ਤੇ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਖ਼ਰਚ ਕਰਨ ਲਈ। ਪੰਜਾਬ ਪਹਿਲਾਂ ਹੀ ਆਰਥਿਕ ਸੰਕਟ ਅਤੇ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਅਜਿਹੇ ਹਾਲਾਤ ’ਚ ਵੱਡੀਆਂ ਸਿਆਸੀ ਰੈਲੀਆਂ ’ਤੇ ਸਰਕਾਰੀ ਸਰੋਤਾਂ ਦੀ ਵਰਤੋਂ ਕਰਨਾ ਬੇਹੱਦ ਨਿੰਦਣਯੋਗ ਹੈ। ਬਲਦੇਵ ਸਿੰਘ ਪੇਧਨੀ ਨੇ ਕਿਹਾ ਕਿ ਜੇਕਰ ਇਹ ਰੈਲੀ ਆਮ ਆਦਮੀ ਪਾਰਟੀ ਦਾ ਨਿੱਜੀ ਸਿਆਸੀ ਪ੍ਰੋਗਰਾਮ ਹੈ ਤਾਂ ਇਸ ਦਾ ਸਾਰਾ ਖ਼ਰਚਾ ਪਾਰਟੀ ਨੂੰ ਆਪਣੇ ਫੰਡਾਂ ’ਚੋਂ ਕਰਨਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਵਿਭਾਗਾਂ, ਸਰਕਾਰੀ
ਮਸ਼ੀਨਰੀ, ਸਰਕਾਰੀ ਮੁਲਾਜ਼ਮਾਂ, ਸਰਕਾਰੀ ਵਾਹਨਾਂ ਜਾਂ ਜਨਤਕ ਖ਼ਜ਼ਾਨੇ ਦੀ ਵਰਤੋਂ ਕਿਸੇ ਵੀ ਪਾਰਟੀ ਦੇ ਸਿਆਸੀ ਪ੍ਰਚਾਰ ਲਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਮੋਗਾ ਰੈਲੀ ਉੱਤੇ ਹੋਏ ਕੁੱਲ ਖ਼ਰਚੇ ਦਾ ਵੇਰਵਾ ਜਨਤਕ ਕੀਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਰੈਲੀ ਲਈ ਆਵਾਜਾਈ, ਬੱਸਾਂ, ਸੁਰੱਖਿਆ, ਪ੍ਰਬੰਧਾਂ ਤੇ ਹੋਰ ਸਹੂਲਤਾਂ ਉੱਤੇ ਕਿੰਨਾ ਪੈਸਾ ਖ਼ਰਚ ਹੋਇਆ ਅਤੇ ਇਸ ਦਾ ਭੁਗਤਾਨ ਕਿਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾ ਦੇ ਟੈਕਸਾਂ ਦਾ ਪੈਸਾ ਸੂਬੇ ਦੇ ਵਿਕਾਸ, ਸਿੱਖਿਆ ਸਿਹਤ ਅਤੇ ਰੁਜ਼ਗਾਰ ਉੱਤੇ ਲੱ ਗ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਦੀਆਂ ਚੋਣਾਵੀ ਰੈਲੀਆਂ ਅਤੇ ਸਿਆਸੀ ਤਾਕਤ ਦੇ ਪ੍ਰਦਰਸ਼ਨ ਉੱਤੇ ਬਲਦੇਵ ਸਿੰਘ ਪੇਧਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਹੈ — ਪੈਸਾ ਪੰਜਾਬ ਦਾ, ਐਸ਼ ਦਿੱਲੀ ਵਾਲਿਆਂ ਦੀ, ਇਹ ਦੋਹਰਾ ਮਾਪਦੰਡ ਹੁਣ ਨਹੀਂ ਚੱਲੇਗਾ। ਪੰਜਾਬ ਦਾ ਖ਼ਜ਼ਾਨਾ ਪੰਜਾਬ ਦੇ ਲੋਕਾਂ ਲਈ ਹੈ, ਕਿਸੇ ਸਿਆਸੀ ਪਾਰਟੀ ਦੀ ਨਿੱਜੀ ਜੰਗੀਰ ਨਹੀਂ।