- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਜਰੀਵਾਲ ਦੇ 'ਸ਼ੀਸ਼ ਮਹਿਲ' ਦੇ ਬੂਹੇ ਮੀਡੀਆ ਲਈ ਖੁੱਲ੍ਹਣ 'ਤੇ ਭਖੀ ਸਿਆਸਤ

-- ਭਾਜਪਾ ਆਗੂ ਬਲਜਿੰਦਰ ਸਿੰਘ ਬੜਿੰਗ ਨੇ ਕੱਸੇ ਤਿੱਖੇ ਤੰਜ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਦਿੱਲੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਸਰਕਾਰੀ ਰਿਹਾਇਸ਼ 6, ਫਲੈਗਸਟਾਫ ਰੋਡ ’ਤੇ ਬਣੇ ‘ਸ਼ੀਸ਼ ਮਹਿਲ’ਤ ਸ਼ੁੱਕਰਵਾਰ ਨੂੰ ਮੀਡੀਆ ਲਈ ਖੋਲ੍ਹਦਿਆਂ ਹੀ ਇਸ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਬਰਨਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵੀ ਬਲਜਿੰਦਰ ਸਿੰਘ ਬੜਿੰਗ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਰੜੇ ਹੱਥੀਂ ਲਿਆ ਹੈ। ਬਲਜਿੰਦਰ ਸਿੰਘ ਬੜਿੰਗ ਨੇ ਆਖਿਆ ਕਿ ਹੁਣ ਇਸ ‘ਸ਼ੀਸ਼ ਮਹਿਲ’ ਦੀਆਂ ਸਾਰੀਆਂ ਪਰਤਾਂ ਜਲਦੀ ਹੀ ਲੋਕਾਂ ਸਾਹਮਣੇ ਖੁੱਲ੍ਹ ਜਾਣਗੀਆਂ ਕਿ ਕਿਵੇਂ ਆਮ ਆਦਮੀ ਦਾ ਢਕਵੰਜ ਰਚਣ ਵਾਲਿਆਂ ਨੇ ਪੰਜਾਬੀਆਂ ਦੇ ਖ਼ੂਨ-ਪਸੀਨੇ ਦੀ ਕਮਾਈ ਦੇ ਕਰੋੜਾਂ ਰੁਪਏ ਆਪਣੀ ਐਸ਼ੋ-ਆਰਾਮ ਵਾਲੀ ਰਿਹਾਇਸ਼ 'ਤੇ ਉਜਾੜ ਦਿੱਤੇ। ਉਨ੍ਹਾਂ ਦੱਸਿਆ ਕਿ ਸਾਲ 2015 ਤੋਂ ਲੈ ਕੇ 2024 ਤੱਕ, ਕਰੀਬ ਨੌ ਸਾਲ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਇਸ ਆਲੀਸ਼ਾਨ ਸ਼ੀਸ਼ ਮਹਿਲ ’ਚ ਰਹੇ ਹਨ। ਭਾਜਪਾ ਆਗੂ ਨੇ ਪੁਰਾਣੇ ਵਾਅਦਿਆਂ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਪੰਜਾਬ ’ਚ ਸਰਕਾਰ ਬਣਾਉਣ ਵੇਲੇ ਕੇਜਰੀਵਾਲ ਤੇ ਉਨ੍ਹਾਂ ਦੇ ਆਗੂ ਥਾਂ-ਥਾਂ ਹੋਕਾ ਦਿੰਦੇ ਸਨ ਕਿ ਉਹ ਨਾ ਤਾਂ ਲਾਲ ਬੱਤੀ ਵਾਲੀ ਗੱਡੀ ਲੈਣਗੇ, ਨਾ ਹੀ ਸਰਕਾਰੀ ਗੰਨਮੈਨ ਤੇ ਨਾ ਹੀ ਕੋਈ ਵੱਡੀ ਕੋਠੀ-ਬੰਗਲਾ ਲੈਣਗੇ। ਉਨ੍ਹਾਂ ਨੇ ਪੰਜਾਬੀਆਂ ਦੀ ਸੋਚ 'ਤੇ ਖਰਾ ਉੱਤਰਨ ਤੇ 'ਰੰਗਲਾ ਪੰਜਾਬ' ਸਿਰਜਣ ਦੇ ਵੱਡੇ-ਵੱਡੇ ਸਬਜ਼ਬਾਗ ਦਿਖਾਏ ਸਨ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਬੜਿੰਗ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੀ ਅਸਲੀਅਤ ਤੋਂ ਭਲੀ-ਭਾਂਤ ਜਾਣੂ ਹੋ ਚੁੱਕੇ ਹਨ। ਦਿੱਲੀ ਸਰਕਾਰ ਵੱਲੋਂ ਇਸ ਰਿਹਾਇਸ਼ ਦੀਆਂ ਤਸਵੀਰਾਂ ਜਨਤਕ ਕਰਨ ਤੇ ਅੰਦਰ ਲੱਗੇ ਲੱਖਾਂ-ਕਰੋੜਾਂ ਰੁਪਏ ਦੇ ਕੀਮਤੀ ਸਾਮਾਨ ਦੇ ਵੇਰਵੇ ਸਾਹਮਣੇ ਲਿਆਉਣ ਨਾਲ ਇਨ੍ਹਾਂ ਆਗੂਆਂ ਦੇ 'ਆਮ ਆਦਮੀ' ਵਾਂਗ ਰਹਿਣ-ਸਹਿਣ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਫੂਕ ਨਿਕਲ ਗਈ ਹੈ।