ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਸਵੈ ਗਣਨਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਸਵੈ ਗਣਨਾ
Publish Date: Sat, 28 Nov 2026 04:18 PM (IST)
Updated Date: Sat, 28 Nov 2026 04:19 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 30 ਨਵੰਬਰ 2026 ਤੱਕ ਚੱਲ ਰਹੀ ਆਨਲਾਈਨ ਸਵੈ-ਗਣਨਾ ਪ੍ਰਕਿਰਿਆ ਵਿਚ ਆਪਣੇ ਪਰਿਵਾਰ ਦੀ ਪੂਰੀ ਤੇ ਸਹੀ ਜਾਣਕਾਰੀ ਜ਼ਰੂਰ ਦਰਜ ਕਰਨ। ਉਨ੍ਹਾਂ ਖੁਦ ਵੀ ਸਵੈ ਗਣਨਾ ਰਾਹੀਂ ਆਪਣੀ ਤੇ ਪਰਿਵਾਰ ਦੀ ਜਾਣਕਾਰੀ ਦਰਜ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਹੀ ਤੇ ਸਟੀਕ ਅੰਕੜੇ ਕਿਸੇ ਵੀ ਸੂਬੇ ਅਤੇ ਦੇਸ਼ ਦੇ ਬਿਹਤਰ ਵਿਕਾਸ, ਭਲਾਈ ਸਕੀਮਾਂ ਅਤੇ ਭਵਿੱਖ ਦੀ ਯੋਜਨਾਬੰਦੀ ਦਾ ਅਹਿਮ ਆਧਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸਹੂਲਤ ਲਈ ਘਰ ਬੈਠੇ ਹੀ ਆਨਲਾਈਨ ਸਵੈ-ਗਣਨਾ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਨਿਭਾਉਂਦਿਆਂ ਇਸ ਅਹਿਮ ਕੌਮੀ ਕਾਰਜ ’ਚ ਆਪਣਾ ਪੂਰਾ ਸਹਿਯੋਗ ਦੇਣ ਤੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਸਵੈ-ਗਣਨਾ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ। ਇਸ ਦੌਰਾਨ ਉਨ੍ਹਾਂ ਨੇ ਖੁਦ ਵੀ ਆਨਲਾਈਨ ਪੋਰਟਲ ਤੇ ਸਵੈ ਗਣਨਾ ਦੀ ਪ੍ਰਕਿਰਿਆ ਪੂਰੀ ਕੀਤੀ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 1 ਦਸੰਬਰ ਤੋਂ 4 ਜਨਵਰੀ ਤੱਕ ਘਰ-ਘਰ ਜਾ ਕੇ ਗਣਨਾ ਕੀਤੀ ਜਾਵੇਗੀ। ਇਕੱਤਰ ਕੀਤੇ ਗਏ ਇਹ ਅੰਕੜੇ ਸੂਬੇ ਦੀਆਂ ਭਵਿੱਖੀ ਯੋਜਨਾਵਾਂ ਤੇ ਵਿਕਾਸ ਨੀਤੀਆਂ ਨੂੰ ਨਵਾਂ ਰੂਪ ਦੇਣ ’ਚ ਅਹਿਮ ਭੂਮਿਕਾ ਨਿਭਾਉਣਗੇ।ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਜਨਗਣਨਾ ਦੇ ਕਾਰਜ ’ਚ ਸਟਾਫ਼ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।