ਸੰਵਿਧਾਨ ਦਿਵਸ ’ਤੇ ਬਰਨਾਲਾ ’ਚ ਸੰਵਿਧਾਨ ਦੇ ਨਿਰਮਾਤਾ ਦਾ ਬੁੱਤ ਰਿਹਾ ਸੁੰਨਸਾਨ Exclusive Story : ਸੰਵਿਧਾਨ ਦਿਵਸ ’ਤੇ ਬਰਨਾਲਾ ’ਚ ਸੰਵਿਧਾਨ ਦੇ ਨਿਰਮਾਤਾ ਦਾ ਬੁੱਤ ਰਿਹਾ ਸੁੰਨਸਾਨ
Publish Date: Thu, 26 Nov 2026 06:18 PM (IST)
Updated Date: Thu, 26 Nov 2026 06:19 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੰਵਿਧਾਨ ਦਿਵਸ ਮੌਕੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਹੱਥ ’ਚ ਸੰਵਿਧਾਨ ਦੀ ਪੋਥੀ ਫੜੀ ਅਤੇ ਉਂਗਲ ਅਸਮਾਨ ਵੱਲ ਚੁੱਕੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਉਡੀਕ ਵਿੱਚ ਖੜ੍ਹਾ ਰਿਹਾ ਕਿ ਸ਼ਾਇਦ ਕੋਈ ਆ ਕੇ ਇਸ ਦੀ ਧੂੜ-ਮਿੱਟੀ ਸਾਫ਼ ਕਰੇਗਾ ਜਾਂ ਫੁੱਲਾਂ ਦਾ ਹਾਰ ਭੇਟ ਕਰੇਗਾ। ਪਰ ਅਫ਼ਸੋਸ, ਸ਼ਹਿਰ ਦੇ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੇਸਬੁੱਕ ਤੇ ਵਟਸਐਪ ’ਤੇ ਤਾਂ ਬਾਬਾ ਸਾਹਿਬ ਦੀਆਂ ਤਸਵੀਰਾਂ ਨਾਲ ਆਪਣੀਆਂ ਫੋਟੋਆਂ ਜੋੜ ਕੇ ਖੂਬ ‘ਸੰਵਿਧਾਨ ਦਿਵਸ’ ਮਨਾਇਆ, ਪਰ ਅਸਲ ਬੁੱਤ ਵੱਲ ਮੁੜ ਕੇ ਕਿਸੇ ਤੱਕਿਆ ਤੱਕ ਨਹੀਂ। --ਰੈਲੀਆਂ ਲਈ ਦੂਰ-ਦੁਰਾਡੇ ਜਾਣ ਵਾਲੇ ਆਗੂਆਂ ਨੂੰ ਆਪਣੇ ਸ਼ਹਿਰ ਦੀ ਸਾਰ ਨਾ ਆਈ ਸਿਆਸੀ ਰੈਲੀਆਂ ਅਤੇ ਇਕੱਠਾਂ ਦੇ ਬਹਾਨੇ ਦੂਰ-ਦੁਰਾਡੇ ਦੌੜਨ ਵਾਲੇ ਆਗੂਆਂ ਨੂੰ ਆਪਣੇ ਹੀ ਸ਼ਹਿਰ ਦੇ ਪ੍ਰਬੰਧਕੀ ਕੰਪਲੈਕਸ ’ਚ ਲੱਗੇ ਬਾਬਾ ਸਾਹਿਬ ਦੇ ਬੁੱਤ ਦੀ ਸਾਰ ਲੈਣ ਦੀ ਵਿਹਲ ਨਾ ਮਿਲੀ। ਲੋਕ-ਬੋਲੀ ਦਾ ਇਹ ਅਖਾਣ ਇੱਥੇ ਬਿਲਕੁਲ ਢੁੱਕਵਾਂ ਜਾਪਦਾ ਹੈ ਕਿ ‘ਵੱਡਾ ਆਇਆ ਸਿਆਣਾ, ਕਾਂ ਉਡਾਉਣ ਵੇਲੇ ਬਹਿ ਗਿਆ’। ਇਨ੍ਹਾਂ ਆਗੂਆਂ ਤੇ ਅਧਿਕਾਰੀਆਂ ਦਾ ਹੱਕਾਂ ਅਤੇ ਸੰਵਿਧਾਨ ਪ੍ਰਤੀ ਹੇਜ ਮਹਿਜ਼ ਸੋਸ਼ਲ ਮੀਡੀਆ ਦੀਆਂ ਪੋਸਟਾਂ ਅਤੇ ਜ਼ੁਬਾਨੀ ਭਾਸ਼ਣਾਂ ਤੱਕ ਹੀ ਸੀਮਤ ਰਹਿ ਗਿਆ, ਜਦਕਿ ਜ਼ਮੀਨੀ ਪੱਧਰ ’ਤੇ ਬਾਬਾ ਸਾਹਿਬ ਦਾ ਬੁੱਤ ਸਾਰਾ ਦਿਨ ਸੁੰਨਸਾਨ ਹੀ ਖੜ੍ਹਾ ਰਿਹਾ। --ਕਿਉਂ ਮਨਾਇਆ ਜਾਂਦਾ ਹੈ ਸੰਵਿਧਾਨ ਦਿਵਸ? 26 ਨਵੰਬਰ 1949 ਨੂੰ ਇਸ ਇਤਿਹਾਸਕ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਮੁਕੰਮਲ ਹੋਇਆ ਸੀ ਅਤੇ ਸੰਵਿਧਾਨ ਸਭਾ ਵੱਲੋਂ ਇਸ ਨੂੰ ਅਪਣਾਇਆ ਗਿਆ ਸੀ। 26 ਜਨਵਰੀ 1950 ਵਾਲੇ ਦਿਨ ਭਾਰਤੀ ਸੰਵਿਧਾਨ ਨੂੰ ਪੂਰੇ ਦੇਸ਼ ’ਚ ਲਾਗੂ ਕੀਤਾ ਗਿਆ ਸੀ। ਸੰਵਿਧਾਨ ਦੀ ਰਚਨਾ ਵਿੱਚ ਸਭ ਤੋਂ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਸਾਲ 2015 ਤੋਂ ਹਰ ਵਰ੍ਹੇ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। --ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਅਹਿਮ ਤੱਥ ਸਮਾਜਿਕ ਬਰਾਬਰੀ ਦੇ ਮੁਦੱਈ ਆਪ ਕਿਸਾਨਾਂ ਦੀ ਖੁਸ਼ਹਾਲੀ, ਦਲਿਤਾਂ ਅਤੇ ਔਰਤਾਂ ਦੇ ਅਧਿਕਾਰਾਂ ਦੇ ਪੱਕੇ ਹਮਾਇਤੀ ਸਨ। ਆਪ ਨੇ ਵਿਦੇਸ਼ੀ ਸਾਮਰਾਜਵਾਦ, ਊਚ-ਨੀਚ, ਜਾਤ-ਪਾਤ, ਪੂੰਜੀਵਾਦੀ ਅਤੇ ਜਗੀਰੂ ਪ੍ਰਬੰਧ ਦੇ ਖਾਤਮੇ ਲਈ ਉਮਰ ਭਰ ਸੰਘਰਸ਼ ਕੀਤਾ। ਉਨਾਂ ਦਾ ਜਨਮ 14 ਅਪ੍ਰੈਲ 1891 ਈਸਵੀ ਨੂੰ ਮੱਧ ਪ੍ਰਦੇਸ਼ ਵਿਖੇ ਪਿਤਾ ਸ੍ਰੀ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਭੀਮਾਬਾਈ ਸਕਪਾਲ ਦੇ ਘਰ ਹੋਇਆ। ਉਨ੍ਹਾਂ ਨੇ ਬੀ.ਏ., ਐਮ.ਏ., ਐਲ.ਐਲ.ਬੀ., ਐਮ.ਐਸ.ਸੀ., ਪੀ.ਐਚ.ਡੀ., ਐਲ ਐਲ ਡੀ, ਅਤੇ ਬਾਰ-ਐਟ-ਲਾਅ ਵਰਗੀਆਂ ਉੱਚ ਡਿਗਰੀਆਂ ਹਾਸਲ ਕੀਤੀਆਂ ਅਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਹ ਸੰਵਿਧਾਨ ਤਿਆਰ ਕਰਨ ਵਾਲੀ ਮਸੌਦਾ ਕਮੇਟੀ ਦੇ ਚੇਅਰਮੈਨ ਸਨ। ਸਾਲ 1956 ਵਿੱਚ ਆਪ ਨੇ ਨਾਗਪੁਰ ਵਿਖੇ ਬੁੱਧ ਧਰਮ ਦੀ ਦੀਖਿਆ ਗ੍ਰਹਿਣ ਕੀਤੀ। --ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਭਾਰਤ ਰਤਨ ਉਨਾਂ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਮਾਜਿਕ ਨਿਆਂ ਦਾ ਵਿਸ਼ਵ ਪੱਧਰ ’ਤੇ ਪ੍ਰਚਾਰ ਕੀਤਾ। ਡਾ. ਭੀਮ ਰਾਓ ਅੰਬੇਡਕਰ ਨੂੰ 14 ਅਪ੍ਰੈਲ 1990 ਵਾਲੇ ਦਿਨ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ। 6 ਦਸੰਬਰ 1956 ਨੂੰ ਦਿੱਲੀ ਵਿਖੇ ਬਾਬਾ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਜਿਸ ਸਦਕਾ ਹਰ ਸਾਲ 6 ਦਸੰਬਰ ਦਾ ਦਿਨ ਪੂਰੇ ਦੇਸ਼ ਵਿੱਚ ‘ਮਹਾ-ਪਰਿਨਿਰਵਾਣ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਲਗਾਤਾਰ 11 ਵਰਿਆਂ ਤੋਂ 26 ਨਵੰਬਰ ਵਾਲਾ ਦਿਨ ‘ਸੰਵਿਧਾਨ ਦਿਵਸ’ ਤੌਰ ਤੇ ਮਨਾਇਆ ਜਾਂਦਾ ਹੈ।