- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ 'ਤੇ ਨੌਕਰੀਆਂ ਦੇ ਨਕਲੀ ਝਾਂਸਿਆਂ ਤੋਂ ਬਚੋ : ਕਪਤਾਨ ਸਾਹਬ ਦਾ ਹੋਕਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਅੱਜ-ਕੱਲ੍ਹ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗਾਂ ਨੇ ਠੱਗੀ ਦਾ ਨਵਾਂ ਜਾਲ ਵਿਛਾ ਲਿਆ ਹੈ। ਫੇਸਬੁੱਕ, ਵਟਸਐਪ ਤੇ ਟੈਲੀਗ੍ਰਾਮ ’ਤੇ ਮੋਟੀਆਂ ਤਨਖਾਹਾਂ, ਘਰ ਬੈਠੇ ਕੰਮ ਕਰਨ ਤੇ ਵੱਡੀਆਂ ਕੰਪਨੀਆਂ ’ਚ ਨੌਕਰੀ ਲਵਾਉਣ ਦੇ ਸਬਜ਼ਬਾਗ ਦਿਖਾ ਕੇ ਮੁੰਡੇ-ਕੁੜੀਆਂ ਨੂੰ ਆਪਣੇ ਝਾਂਸੇ ’ਚ ਫਸਾਇਆ ਜਾ ਰਿਹਾ ਹੈ। ਨੌਕਰੀ ਦੀ ਭਾਲ ’ਚ ਭਟਕਦੇ ਨੌਜਵਾਨ ਕਾਹਲੀ-ਕਾਹਲੀ ’ਚ ਆਪਣੀ ਨਿੱਜੀ ਜਾਣਕਾਰੀ, ਬੈਂਕ ਖਾਤਿਆਂ ਦੇ ਵੇਰਵੇ ਅਤੇ ਪੱਲਿਓਂ ਪੈਸੇ ਵੀ ਇਨ੍ਹਾਂ ਠੱਗਾਂ ਦੇ ਹਵਾਲੇ ਕਰ ਬੈਠਦੇ ਹਨ। ਇਸ ਵਧਦੀ ਠੱਗੀ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ‘ਪੰਜਾਬੀ ਜਾਗਰਣ’ ਰਾਹੀਂ ਨੌਜਵਾਨਾਂ ਨੂੰ ਸੁਚੇਤ ਰਹਿਣ ਦਾ ਹੋਕਾ ਦਿੱਤਾ ਹੈ। ਉਨ੍ਹਾਂ ਸਾਫ਼ ਆਖਿਆ ਹੈ ਕਿ ਕਿਸੇ ਵੀ ਅਣਜਾਣ ਇਸ਼ਤਿਹਾਰ ਜਾਂ ਨਿਯੁਕਤੀ ਪੱਤਰ ’ਤੇ ਅੱਖਾਂ ਮੀਚ ਕੇ ਭਰੋਸਾ ਨਾ ਕੀਤਾ ਜਾਵੇ, ਸਗੋਂ ਪਹਿਲਾਂ ਚੰਗੀ ਤਰ੍ਹਾਂ ਘੋਖ-ਪੜਤਾਲ ਕੀਤੀ ਜਾਵੇ।
------
ਨੌਕਰੀ ਪੱਕੀ ਕਰਨ ਦੇ ਨਾਂ ’ਤੇ ਹੁੰਦੀ ਹੈ ਲੁੱਟ
ਇਹ ਠੱਗ ਪਹਿਲਾਂ ਵਟਸਐਪ ਜਾਂ ਟੈਲੀਗ੍ਰਾਮ ਰਾਹੀਂ ਰਾਬਤਾ ਕਾਇਮ ਕਰਕੇ ਸੌਖੀ ਨੌਕਰੀ ਤੇ ਚੰਗੀ ਕਮਾਈ ਦੇ ਸੁਪਨੇ ਦਿਖਾਉਂਦੇ ਹਨ। ਫਿਰ ਇੰਟਰਵਿਊ, ਕਾਗਜ਼-ਪੱਤਰਾਂ ਦੀ ਜਾਂਚ ਅਤੇ ਨੌਕਰੀ ਪੱਕੀ ਕਰਨ ਦੇ ਬਹਾਨੇ ਰਜਿਸਟ੍ਰੇਸ਼ਨ ਫੀਸ ਜਾਂ ਸਕਿਉਰਿਟੀ ਦੇ ਨਾਂ ’ਤੇ ਪੈਸਿਆਂ ਦੀ ਮੰਗ ਕਰਦੇ ਹਨ। ਕਈ ਵਾਰ ਤਾਂ ਇਹ ਸ਼ਾਤਰ ਠੱਗ ਵੱਡੀਆਂ ਕੰਪਨੀਆਂ ਦੇ ਨਕਲੀ ਲੈਟਰਹੈੱਡ ਤੇ ਮੋਹਰਾਂ ਲਾ ਕੇ ਜਾਅਲੀ ਨਿਯੁਕਤੀ ਪੱਤਰ ਵੀ ਭੇਜ ਦਿੰਦੇ ਹਨ, ਜਿਸ ਨੂੰ ਸੱਚ ਮੰਨ ਕੇ ਨੌਜਵਾਨ ਠੱਗੇ ਜਾਂਦੇ ਹਨ।
----
ਕੱਚੇ ਲਿੰਕ ਭੇਜ ਕੇ ਖਾਲੀ ਕਰਦੇ ਨੇ ਬੈਂਕ ਖਾਤੇ
ਠੱਗੀ ਮਾਰਨ ਵਾਲੇ ਫਾਰਮ ਭਰਨ ਜਾਂ ਕਾਗਜ਼ ਚੈੱਕ ਕਰਨ ਦੇ ਬਹਾਨੇ ਫੋਨ ’ਤੇ ਸ਼ੱਕੀ ਲਿੰਕ ਭੇਜਦੇ ਹਨ। ਇਨ੍ਹਾਂ ਲਿੰਕਾਂ ਨੂੰ ਦੱਬਦਿਆਂ ਹੀ ਉਹ ਓ.ਟੀ.ਪੀ., ਏ.ਟੀ.ਐੱਮ. ਪਿੰਨ ਜਾਂ ਯੂ.ਪੀ.ਆਈ. ਪਾਸਵਰਡ ਵਰਗੀ ਗੁਪਤ ਜਾਣਕਾਰੀ ਚੋਰੀ ਕਰ ਲੈਂਦੇ ਹਨ। ਕਈ ਵਾਰ ਫੋਨ ’ਚ ਕੋਈ ਓਪਰੀ ਐਪ ਡਾਊਨਲੋਡ ਕਰਵਾ ਕੇ ਪੂਰੇ ਮੋਬਾਈਲ ਦਾ ਕੰਟਰੋਲ ਆਪਣੇ ਹੱਥ ਲੈ ਲੈਂਦੇ ਹਨ। ਇਸ ਲਈ ਕਿਸੇ ਅਣਜਾਣ ਬੰਦੇ ਵੱਲੋਂ ਭੇਜੇ ਲਿੰਕ 'ਤੇ ਉਂਗਲ ਨਾ ਧਰੋ ਅਤੇ ਨਾ ਹੀ ਕਿਸੇ ਨਾਲ ਆਪਣੇ ਫੋਨ ਦੀ ਸਕ੍ਰੀਨ ਸਾਂਝੀ ਕਰੋ।
------
ਠੱਗੀ ਤੋਂ ਬਚਣ ਲਈ ਪੱਲੇ ਬੰਨ੍ਹੋ ਇਹ ਗੱਲਾਂ
ਜਿਸ ਕੰਪਨੀ ’ਚ ਨੌਕਰੀ ਦੀ ਗੱਲ ਚੱਲ ਰਹੀ ਹੋਵੇ, ਉਸ ਦੀ ਅਸਲੀ ਵੈੱਬਸਾਈਟ 'ਤੇ ਜਾ ਕੇ ਖ਼ੁਦ ਪੜਤਾਲ ਕਰੋ। ਨੌਕਰੀ ਦੇ ਨਾਂ ’ਤੇ ਕਿਸੇ ਓਪਰੇ ਬੰਦੇ ਦੇ ਖਾਤੇ ’ਚ ਕੋਈ ਫੀਸ ਜਾਂ ਸਕਿਉਰਿਟੀ ਜਮ੍ਹਾਂ ਨਾ ਕਰਵਾਓ। ਸੋਸ਼ਲ ਮੀਡੀਆ ’ਤੇ ਆਏ ਨਿਯੁਕਤੀ ਪੱਤਰ ਦੀ ਸੱਚਾਈ ਜਾਣਨ ਲਈ ਸਿੱਧਾ ਕੰਪਨੀ ਦੇ ਦਫ਼ਤਰ ਫੋਨ ਕਰਕੇ ਪੁੱਛੋ। ਆਪਣਾ ਆਧਾਰ ਕਾਰਡ, ਪੈਨ ਕਾਰਡ ਜਾਂ ਬੈਂਕ ਦੀ ਕਾਪੀ ਬਿਨਾਂ ਵਜ੍ਹਾ ਕਿਸੇ ਨੂੰ ਨਾ ਭੇਜੋ। ਆਪਣਾ ਬੈਂਕ ਪਾਸਵਰਡ, ਪਿੰਨ ਜਾਂ ਓ.ਟੀ.ਪੀ. ਭੁੱਲ ਕੇ ਵੀ ਕਿਸੇ ਨਾਲ ਸਾਂਝਾ ਨਾ ਕਰੋ। ਜੇਕਰ ਕੋਈ ਤੁਰੰਤ ਪੈਸੇ ਪਾਉਣ ਲਈ ਕਾਹਲ ਪਾਵੇ, ਤਾਂ ਸਮਝ ਲਓ ਕਿ ਦਾਲ ’ਚ ਕੁਝ ਕਾਲਾ ਹੈ।
---------
ਠੱਗੀ ਵੱਜਣ ’ਤੇ ਝੱਟ 1930 ’ਤੇ ਘੁਮਾਓ ਫੋਨ : ਐੱਸਐੱਸਪੀ
ਬਰਨਾਲਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਵੀ ਜਾਵੇ, ਤਾਂ ਘਬਰਾਉਣ ਦੀ ਬਜਾਏ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਓ। ਇਸ ਤੋਂ ਇਲਾਵਾ ਸਰਕਾਰੀ ਵੈੱਬਸਾਈਟ ’ਤੇ ਵੀ ਇਤਲਾਹ ਦਿੱਤੀ ਜਾ ਸਕਦੀ ਹੈ। ਪੈਸੇ ਭੇਜਣ ਦੀਆਂ ਰਸੀਦਾਂ, ਸਕ੍ਰੀਨਸ਼ਾਟ ਅਤੇ ਠੱਗਾਂ ਦੇ ਫੋਨ ਨੰਬਰ ਸਬੂਤ ਵਜੋਂ ਸਾਂਭ ਕੇ ਰੱਖੋ। ਵੇਲੇ ਸਿਰ ਕੀਤੀ ਸ਼ਿਕਾਇਤ ਨਾਲ ਠੱਗਾਂ ਦੇ ਖਾਤੇ ਸੀਲ ਕਰਵਾ ਕੇ ਤੁਹਾਡੀ ਮਿਹਨਤ ਦੀ ਕਮਾਈ ਬਚਾਈ ਜਾ ਸਕਦੀ ਹੈ। ਅਖੀਰ ’ਚ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਪੂਰੀ ਸਿਆਣਪ ਤੇ ਚੌਕਸੀ ਨਾਲ ਕਰਨ ਤਾਂ ਜੋ ਇਨ੍ਹਾਂ ਠੱਗਾਂ ਦੀਆਂ ਚਾਲਾਂ ਨੂੰ ਫੇਲ੍ਹ ਕੀਤਾ ਜਾ ਸਕੇ।