- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀ ਰੈਲੀ ਵੇਲੇ ਬੇਰੁਜ਼ਗਾਰਾਂ ਦੇ ਘਰੀਂ ਪੁਲਿਸ ਦੇ ਛਾਪੇ : ਆਗੂਆਂ ਨੂੰ ਘਰਾਂ 'ਚ ਡੱਕਿਆ

-- 29 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਘੇਰਨ ਦਾ ਐਲਾਨ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਭਾਰਤ ਦੇ ਸੰਵਿਧਾਨ ਦਿਵਸ ਮੌਕੇ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਨੇ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਮੋਗਾ ਨੇੜਲੇ ਪਿੰਡ ਮਟਵਾਣੀ ਵਿਖੇ ਰੱਖੀ ਸੂਬਾ ਪੱਧਰੀ ਰੈਲੀ ’ਚ ਹੋਕੇ ਦੇ-ਦੇ ਕੇ ਲੋਕਾਂ ਨੂੰ ਸੱਦਿਆ, ਉੱਥੇ ਹੀ ਦੂਜੇ ਪਾਸੇ ਆਪਣਾ ਹੱਕ ਮੰਗਦੇ ਬੇਰੁਜ਼ਗਾਰਾਂ ਦੇ ਸੰਵਿਧਾਨਿਕ ਹੱਕਾਂ ’ਤੇ ਡਾਕਾ ਮਾਰਦਿਆਂ ਉਨ੍ਹਾਂ ਨੂੰ ਘਰਾਂ ’ਚ ਹੀ ਡੱਕ ਦਿੱਤਾ ਗਿਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਤੇ ਹਰਜਿੰਦਰ ਝੁਨੀਰ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਸਿਰ ਪੰਜ ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਚੜ੍ਹ ਚੁੱਕਾ ਹੈ ਤੇ ਹਰ ਵਰਗ ਡਾਢਾ ਦੁਖੀ ਹੈ, ਇਸ ਲਈ ‘ਖੁਸ਼ਹਾਲ’ ਨਹੀਂ ਸਗੋਂ ‘ਕੰਗਾਲ ਪੰਜਾਬ’ ਰੈਲੀ ਕਰਨੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਤੇ ਸਿਹਤ ਮਹਿਕਮੇ ’ਚ ਵੱਡੇ ਬਦਲਾਅ ਲਿਆਉਣ ਦੀਆਂ ਫੜ੍ਹਾਂ ਮਾਰਨ ਵਾਲੀ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਐੱਨ.ਟੀ.ਟੀ., ਈ.ਟੀ.ਟੀ., ਮਾਸਟਰ ਕੇਡਰ ਜਾਂ ਸਹਾਇਕ ਪ੍ਰੋਫੈਸਰ ਦੀ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ। ਉਮਰ ਹੱਦ ’ਚ ਛੋਟ ਦੇਣ ਦੇ ਵਾਅਦੇ ਵੀ ਨਿਰੇ ਲਾਰੇ ਹੀ ਸਾਬਤ ਹੋਏ ਹਨ, ਜਿਸ ਕਾਰਨ ਹਜ਼ਾਰਾਂ ਨੌਜਵਾਨ ਭਰਤੀਆਂ ਉਡੀਕਦੇ-ਉਡੀਕਦੇ ਉਮਰ ਲੰਘਾ ਬੈਠੇ ਹਨ। ਮਾਸਟਰ ਕੇਡਰ ’ਚ ਥੋਪੀ ਗਈ 55 ਫੀਸਦੀ ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਵੀ ਜਿਉਂ ਦੀ ਤਿਉਂ ਲਟਕ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਵਿਖੇ ਡੀ.ਸੀ. ਦਫ਼ਤਰ ਦੇ ਗੇਟ ਮੂਹਰੇ ਪਿਛਲੇ ਸਵਾ ਗਿਆਰਾਂ ਮਹੀਨਿਆਂ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਬੇਰੁਜ਼ਗਾਰ ਤਾਂ ਮੋਗਾ ਰੈਲੀ ’ਚ ਜਾ ਕੇ ‘ਲੋਕਾਂ ਦੇ ਮੁੱਖ ਮੰਤਰੀ’ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣਾ ਚਾਹੁੰਦੇ ਸਨ, ਪਰ ਸਰਕਾਰ ਨੇ ਉਲਟਾ ਉਨ੍ਹਾਂ ਦੇ ਘਰਾਂ ਵੱਲ ਪੁਲਿਸ ਦੀਆਂ ਧਾੜਾਂ ਭੇਜ ਦਿੱਤੀਆਂ। ਪੁਲਿਸ ਨੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਤੇ ਅਮਨ ਸੇਖਾ ਦੇ ਘਰੀਂ ਛਾਪੇਮਾਰੀ ਕੀਤੀ, ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗੇ। ਇਸੇ ਤਰ੍ਹਾਂ ਰਮਨ ਕੁਮਾਰ ਮਲੋਟ ਦੇ ਘਰ ਮੂਹਰੇ ਪੁਲਿਸ ਬਿਠਾ ਦਿੱਤੀ ਗਈ ਤੇ ਲਲਿਤਾ ਪਟਿਆਲਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਦਿਲਬਾਗ ਪੰਜਾਵਾ ਤੇ ਰਮਨ ਮੌਜਗੜ੍ਹ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ, ਜਦਕਿ ਨਿਰਮਲ ਵਿੱਕੀ ਮੋਗਾ ਨੂੰ ਦੀਨਾ ਸਾਹਿਬ ਚੌਂਕੀ ’ਚ ਡੱਕੀ ਰੱਖਿਆ।
--ਬੇਰੁਜ਼ਗਾਰਾਂ ਦੀਆਂ ਸਰਕਾਰ ਤੋਂ ਮੰਗਾਂ
ਸਿੱਖਿਆ ਵਿਭਾਗ ’ਚ ਮਾਸਟਰ ਕੇਡਰ ਦੀਆਂ 15,000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਤੁਰੰਤ ਕੱਢੀਆਂ ਜਾਣ, 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ। ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਮਲਟੀਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਭਰੀਆਂ ਜਾਣ। ਕੋਰੋਨਾ ਵਲੰਟੀਅਰਾਂ ਨੂੰ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਰੋਹ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਹੁਣ 29 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਮੋਫ਼ਰ, ਅਮਨਦੀਪ ਕੌਰ ਤੇ ਗੁਰਪਿਆਰ ਸਿੰਘ ਆਦਿ ਵੀ ਹਾਜ਼ਰ ਸਨ।