- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗੀਤ ਰਤਨ ਪੰਡਿਤ ਵਿਵੇਕ ਪਥਿਕ ਨੇ ਭਗਤੀ ਸੰਗੀਤ ’ਚ ਬਣਾਈ ਵਿਸ਼ਵਵਿਆਪੀ ਪਛਾਣ

ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਭਗਤੀ ਸੰਗੀਤ ਦੇ ਖੇਤਰ ’ਚ ਸੰਗੀਤ ਰਤਨ ਪੰਡਿਤ ਵਿਵੇਕ ਪਥਿਕ ਨੇ ਆਪਣੀ ਮਧੁਰ ਆਵਾਜ਼, ਅਦਭੁੱਤ ਗਾਇਕੀ ਪ੍ਰਤਿਭਾ ਤੇ ਅਧਿਆਤਮਿਕ ਭਾਵਨਾਵਾਂ ਦੇ ਦਮ ’ਤੇ ਵਿਸ਼ਵ ਭਰ ’ਚ ਵਿਸ਼ੇਸ਼ ਪਛਾਣ ਬਣਾਈ ਹੈ। ਬਹੁਤ ਛੋਟੀ ਉਮਰ ’ਚ ਹੀ ਸੰਗੀਤ ਦੇ ਖੇਤਰ ’ਚ ਉੱਨਤੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਵਿਵੇਕ ਪਥਿਕ ਨੂੰ ਆਪਣੇ ਦਾਦਾ ਵਿਸ਼ਵ ਪ੍ਰਸਿੱਧ ਗੀਤ ਅਤੇ ਭਜਨ ਰਚਨਾਕਾਰ ਸਵਰਗੀ ਪੰਡਿਤ ਸੱਤਪਾਲ ਪਥਿਕ ਅਤੇ ਪਿਤਾ ਅੰਤਰਰਾਸ਼ਟਰੀ ਵੈਦਿਕ ਭਜਨ ਸਮਰਾਟ ਪੰਡਿਤ ਦਿਨੇਸ਼ ਪਥਿਕ ਤੋਂ ਸੰਗੀਤ ਦੀ ਅਮੁੱਲ ਵਿਰਾਸਤ ਅਤੇ ਪ੍ਰੇਰਣਾ ਪ੍ਰਾਪਤ ਹੋਈ ਹੈ।
ਪੰਡਿਤ ਵਿਵੇਕ ਪਥਿਕ ਦੀ ਗਾਇਕੀ ’ਚ ਭਗਤੀ, ਸ਼ਰਧਾ ਅਤੇ ਸਮਰਪਣ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਮਧੁਰ ਬਾਣੀ ਵਿੱਚ ਮਾਂ ਸਰਸਵਤੀ ਦੀ ਕਿਰਪਾ ਦਾ ਅਹਿਸਾਸ ਹੁੰਦਾ ਹੈ। ਜਦੋਂ ਉਹ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ ਤਾਂ ਵਾਤਾਵਰਣ ਭਗਤੀ ਰਸ ਨਾਲ ਸਰਾਬੋਰ ਹੋ ਜਾਂਦਾ ਹੈ ਅਤੇ ਸਰੋਤੇ ਭਾਵ-ਵਿਭੋਰ ਹੋ ਜਾਂਦੇ ਹਨ।
ਉਨ੍ਹਾਂ ਦੀ ਓਜਮਈ ਆਵਾਜ਼, ਸੁਰਾਂ ਉੱਤੇ ਪਕੜ ਅਤੇ ਭਾਵਪੂਰਨ ਗਾਇਕੀ ਸ਼ੈਲੀ ਉਨ੍ਹਾਂ ਨੂੰ ਦੂਜੇ ਗਾਇਕਾਂ ਤੋਂ ਵੱਖਰੀ ਪਛਾਣ ਪ੍ਰਦਾਨ ਕਰਦੀ ਹੈ। ਉਨ੍ਹਾਂ ਦੇ ਭਜਨਾਂ ਵਿੱਚ ਸੰਗੀਤ ਦੀ ਮਧੁਰਤਾ ਦੇ ਨਾਲ-ਨਾਲ ਅਧਿਆਤਮਿਕ ਚੇਤਨਾ, ਪ੍ਰੇਮ, ਸ਼ਰਧਾ ਤੇ ਪਰਮਾਤਮਾ ਪ੍ਰਤੀ ਅਥਾਹ ਵਿਸ਼ਵਾਸ ਦੀ ਝਲਕ ਦਿਖਾਈ ਦਿੰਦੀ ਹੈ।
ਦਾਦਾ ਦੀਆਂ ਰਚਨਾਵਾਂ ਨੂੰ ਦੇ ਰਹੇ ਹਨ ਨਵੀਂ ਪਛਾਣ
ਪੰਡਿਤ ਵਿਵੇਕ ਪਥਿਕ ਦੀ ਵਿਸ਼ੇਸ਼ਤਾ ਹੈ ਕਿ ਉਹ ਅਕਸਰ ਆਪਣੇ ਦਾਦਾ ਸਵਰਗੀ ਪੰਡਿਤ ਸੱਤਪਾਲ ਪਥਿਕ ਦੁਆਰਾ ਰਚੇ ਗੀਤਾਂ ਅਤੇ ਭਜਨਾਂ ਨੂੰ ਹੀ ਆਪਣੀ ਆਵਾਜ਼ ’ਚ ਪੇਸ਼ ਕਰਦੇ ਹਨ। ਇਸ ਤਰ੍ਹਾਂ ਉਹ ਆਪਣੇ ਦਾਦਾ ਦੀ ਅਮੁੱਲ ਸਾਹਿਤਕ ਤੇ ਸੰਗੀਤਕ ਵਿਰਾਸਤ ਨੂੰ ਨਾ ਸਿਰਫ਼ ਸੰਭਾਲ ਕੇ ਰੱਖ ਰਹੇ ਹਨ, ਸਗੋਂ ਆਪਣੀ ਗਾਇਕੀ ਰਾਹੀਂ ਇਸ ਨੂੰ ਨਵੀਂ ਪੀੜ੍ਹੀ ਤੱਕ ਵੀ ਪਹੁੰਚਾ ਰਹੇ ਹਨ।
ਉਨ੍ਹਾਂ ਦੀਆਂ ਪੇਸ਼ਕਾਰੀਆਂ ’ਚ ਦਾਦਾ ਦੀਆਂ ਰਚਨਾਵਾਂ ਦੀ ਮੌਲਿਕਤਾ, ਪਿਤਾ ਤੋਂ ਪ੍ਰਾਪਤ ਸੰਗੀਤਕ ਸੰਸਕਾਰ ਅਤੇ ਆਪਣੀ ਗਾਇਕੀ ਦੀ ਸਾਧਨਾ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਦਾ ਹੈ। ਇਹ ਆਪਣੀ ਪਰਿਵਾਰਕ ਸੰਗੀਤਕ ਪਰੰਪਰਾ ਪ੍ਰਤੀ ਉਨ੍ਹਾਂ ਦੇ ਸਤਿਕਾਰ ਅਤੇ ਸਮਰਪਣ ਦਾ ਪ੍ਰਤੀਕ ਹੈ।
ਪੰਡਿਤ ਵਿਵੇਕ ਪਥਿਕ ਦੀ ਲੋਕਪ੍ਰਿਯਤਾ ਅਤੇ ਪ੍ਰਾਪਤੀਆਂ ਭਾਰਤੀ ਭਗਤੀ ਸੰਗੀਤ ਦੀ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੀ ਮਧੁਰ ਆਵਾਜ਼ ਅਤੇ ਅਧਿਆਤਮਿਕ ਪੇਸ਼ਕਾਰੀਆਂ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਚ ਵਿਸ਼ੇਸ਼ ਸਥਾਨ ਬਣਾ ਰਹੀਆਂ ਹਨ। ਬਿਨਾਂ ਸ਼ੱਕ, ਉਹ ਆਪਣੇ ਦਾਦਾ ਅਤੇ ਪਿਤਾ ਦੀ ਮਹਾਨ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਭਗਤੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ’ਚ ਸਫਲ ਹੋ ਰਹੇ ਹਨ।