- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੀਆਂ ਅੰਤਰ-ਜ਼ਿਲ੍ਹਾ ਪੱਧਰੀ ਖੇਡਾਂ ਦਾ ਏਡੀਸੀ ਵਿਵੇਕ ਕੁਮਾਰ ਮੋਦੀ ਨੇ ਕੀਤਾ ਆਗਾਜ਼

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : 70ਵੀਆਂ ਅੰਤਰ-ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼ ਏਡੀਸੀ ਜਨਰਲ ਵਿਵੇਕ ਕੁਮਾਰ ਮੋਦੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦੇ ਖੋ-ਖੋ ਮੁਕਾਬਲੇ ਐੱਸਡੀ ਕਾਲਜ ਬਰਨਾਲਾ ਵਿਖੇ ਸ਼ੁਰੂ ਹੋ ਗਏ ਹਨ। ਇਨ੍ਹਾਂ ਖੇਡਾਂ ’ਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਕਰੀਬ 550 ਵਿਦਿਆਰਥੀ ਹਿੱਸਾ ਲੈ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਤਹਿਤ ਬਰਨਾਲਾ ਵਿਖੇ ਖੋ-ਖੋ ਤੇ ਯੋਗਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਏਡੀਸੀ ਜਨਰਲ ਵਿਵੇਕ ਕੁਮਾਰ ਮੋਦੀ ਨੇ ਖੇਡਾਂ ਦਾ ਆਗਾਜ਼ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਉਹ ਸਰੀਰਕ ਤੌਰ ’ਤੇ ਤੰਦਰੁਸਤ ਰਹਿ ਸਕਣ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖ਼ਸ਼ਦੀਆਂ ਹਨ। ਇਸ ਲਈ ਹਰ ਬੱਚੇ ਨੂੰ ਸਿਹਤਮੰਦ ਰਹਿਣ ਲਈ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਬਣਦਾ ਹੈ।
ਅੱਜ ਹੋਏ ਮੁਕਾਬਲਿਆਂ ਦੌਰਾਨ ਲੜਕੀਆਂ ਦੇ ਸੰਗਰੂਰ ਤੇ ਮੋਗਾ ਵਿਚਕਾਰ ਹੋਏ ਮੁਕਾਬਲੇ ’ਚ ਸੰਗਰੂਰ ਦੀ ਟੀਮ ਜੇਤੂ ਰਹੀ, ਜਦਕਿ ਲੜਕਿਆਂ ਦੇ ਮੋਗਾ ਅਤੇ ਫ਼ਾਜ਼ਿਲਕਾ ਵਿਚਕਾਰ ਹੋਏ ਮੁਕਾਬਲੇ ’ਚ ਫ਼ਾਜ਼ਿਲਕਾ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਲੜਕੀਆਂ ਦੇ ਮਲੇਰਕੋਟਲਾ ਤੇ ਪਠਾਨਕੋਟ ਵਿਚਕਾਰ ਹੋਏ ਮੁਕਾਬਲੇ ’ਚ ਪਠਾਨਕੋਟ ਦੀ ਟੀਮ ਜੇਤੂ ਰਹੀ। ਬਰਨਾਲਾ ਤੇ ਕਪੂਰਥਲਾ ਦੇ ਲੜਕਿਆਂ ਦੇ ਮੁਕਾਬਲੇ ’ਚ ਬਰਨਾਲਾ ਦੀ ਟੀਮ ਨੇ ਜਿੱਤ ਦਰਜ ਕੀਤੀ, ਜਦਕਿ ਮੋਹਾਲੀ ਅਤੇ ਫ਼ਾਜ਼ਿਲਕਾ ਦੀਆਂ ਲੜਕੀਆਂ ਦੇ ਮੁਕਾਬਲੇ ’ਚ ਫ਼ਾਜ਼ਿਲਕਾ ਦੀ ਟੀਮ ਜੇਤੂ ਰਹੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ, ਡੀ.ਆਰ.ਸੀ. ਬਰਨਾਲਾ ਕੁਲਦੀਪ ਸਿੰਘ ਭੁੱਲਰ, ਬਲਾਕ ਸਿੱਖਿਆ ਅਫ਼ਸਰ ਰਮਨਦੀਪ ਸਿੰਘ, ਬਲਾਕ ਸਿੱਖਿਆ ਅਫ਼ਸਰ ਗੁਰਗੀਤ ਸਿੰਘ, ਮੀਡੀਆ ਇੰਚਾਰਜ ਸੁਖਪਾਲ ਸਿੰਘ ਕਲਾਲ ਮਾਜਰਾ ਤੇ ਮੀਡੀਆ ਇੰਚਾਰਜ ਲਛਮਣ ਸਿੰਘ ਵੀ ਹਾਜ਼ਰ ਸਨ।