ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪਿੰਡ ਵਜੀਦਕੇ ਕਲਾਂ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪਿੰਡ ਵਜੀਦਕੇ ਕਲਾਂ
Publish Date: Tue, 24 Nov 2026 05:12 PM (IST)
Updated Date: Tue, 24 Nov 2026 05:13 PM (IST)
:; ਵੱਡਾ ਪਿੰਡ ਹੋਣ ਦੇ ਬਾਵਜੂਦ ਇੱਕੋ ਗੁਰਦੁਆਰਾ ਤੇ ਇੱਕੋ ਸ਼ਮਸ਼ਾਨਘਾਟ :: 6 ਦਹਾਕਿਆਂ ਤੋਂ ਨਿਸ਼ਕਾਮ ਸੇਵਾ ਨਿਭਾਅ ਰਹੇ ਬਾਬਾ ਪ੍ਰਤਾਪ ਸਿੰਘ ਕੈਰੋਂ ਕੈਪਸ਼ਨ-ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ। 2. ਬਾਬਾ ਪ੍ਰਤਾਪ ਸਿੰਘ ਕੈਰੋਂ ਨਾਲ ਪਿੰਡ ਦੇ ਪਤਵੰਤੇ। ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੀ ਧਰਤੀ ’ਤੇ ਵਸਿਆ ਪਿੰਡ ਵਜੀਦਕੇ ਕਲਾਂ ਆਪਣੀ ਵਿਲੱਖਣ ਭਾਈਚਾਰਕ ਸਾਂਝ, ਆਪਸੀ ਪ੍ਰੇਮ-ਭਾਵਨਾ ਤੇ ਏਕਤਾ ਸਦਕਾ ਪੂਰੇ ਇਲਾਕੇ ਲਈ ਇੱਕ ਪ੍ਰੇਰਨਾਸ੍ਰੋਤ ਬਣਿਆ ਹੋਇਆ ਹੈ। ਜਿੱਥੇ ਅਜੋਕੇ ਦੌਰ ’ਚ ਬਹੁਤੇ ਪਿੰਡ ਧੜੇਬੰਦੀਆਂ ਤੇ ਵੰਡੀਆਂ ਦਾ ਸ਼ਿਕਾਰ ਨਜ਼ਰ ਆਉਂਦੇ ਹਨ, ਉੱਥੇ ਹੀ ਵੱਡੀ ਆਬਾਦੀ ਵਾਲਾ ਪਿੰਡ ਹੋਣ ਦੇ ਬਾਵਜੂਦ ਵਜੀਦਕੇ ਕਲਾਂ ’ਚ ਸਮੁੱਚੇ ਨਗਰ ਦਾ ਇੱਕੋ-ਇੱਕ ਸਾਂਝਾ ਗੁਰਦੁਆਰਾ ਸਾਹਿਬ ਤੇ ਇੱਕੋ ਸਾਂਝਾ ਸ਼ਮਸ਼ਾਨਘਾਟ ਹੈ। ਪਿੰਡ ਦੀ ਇਹ ਵਿਲੱਖਣਤਾ ਇੱਥੋਂ ਦੇ ਵਸਨੀਕਾਂ ਦੀ ਇੱਕਜੁੱਟਤਾ ਦਾ ਜਿਊਂਦਾ-ਜਾਗਦਾ ਸਬੂਤ ਹੈ। ਗੁਰੂ ਘਰ ਹੋਣ ਵਾਲੇ ਕਿਸੇ ਵੀ ਸਮਾਗਮ ’ਚ ਸਾਰੇ ਵਰਗਾਂ ਦੇ ਲੋਕ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਨਿਸ਼ਕਾਮ ਸੇਵਾ ਦੀ ਅਦੁੱਤੀ ਮਿਸਾਲ-ਬਾਬਾ ਕੈਰੋਂ ਪਿੰਡ ਦੀ ਇਸ ਆਪਸੀ ਸਾਂਝ ਨੂੰ ਮਜ਼ਬੂਤ ਰੱਖਣ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਪਿੱਛੇ ਬਾਬਾ ਪ੍ਰਤਾਪ ਸਿੰਘ ਕੈਰੋਂ ਦਾ ਅਹਿਮ ਯੋਗਦਾਨ ਹੈ, ਜਿਨ੍ਹਾਂ ਤੇ ਸਮੁੱਚਾ ਨਗਰ ਅਟੁੱਟ ਵਿਸ਼ਵਾਸ ਰੱਖਦਾ ਹੈ। ਪਿੰਡ ਦੇ ਪਤਵੰਤਿਆਂ ਕਿਸਾਨ ਆਗੂ ਕੁਲਜੀਤ ਸਿੰਘ ਵਜੀਦਕੇ, ਨੰਬਰਦਾਰ ਰਣਜੀਤ ਸਿੰਘ ਗਿੱਲ, ਡਾ. ਜਸਵੀਰ ਸਿੰਘ ਸਮਰਾ,ਮਿਸਤਰੀ ਜਗਦੇਵ ਸਿੰਘ ਵਜੀਦਕੇ,ਬਲਵਿੰਦਰ ਸਿੰਘ ਵਜੀਦਕੇ ਸੁਰਜੀਤ ਸਿੰਘ ਖਾਲਸਾ ਤੇ ਕੁਲਵਿੰਦਰ ਸਿੰਘ ਕਿੰਦਾ ਨੇ ਦੱਸਿਆ ਕਿ ਤਕਰੀਬਨ 60-62 ਸਾਲ ਪਹਿਲਾਂ ਸਮੁੱਚੇ ਨਗਰ ਵੱਲੋਂ ਬਾਬਾ ਬੁੱਗਰ ਸਿੰਘ ਅਤੇ ਬਾਬਾ ਪ੍ਰਤਾਪ ਸਿੰਘ ਕੈਰੋਂ ਨੂੰ ਪੱਗ ਦੇ ਕੇ ਗੁਰੂ ਘਰ ਦੀ ਸੇਵਾ-ਸੰਭਾਲ ਲਈ ਲਿਆਂਦਾ ਗਿਆ ਸੀ। ਬਾਬਾ ਬੁੱਗਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਪ੍ਰਤਾਪ ਸਿੰਘ ਕੈਰੋਂ ਨੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਦੱਸਿਆ ਕਿ ਬਾਬਾ ਪ੍ਰਤਾਪ ਸਿੰਘ ਮਹਿਜ਼ 12 ਸਾਲ ਦੀ ਉਮਰ ਵਿੱਚ ਪਿੰਡ ਨਰੈਣਗੜ੍ਹ ਸੋਹੀਆਂ ਤੋਂ ਇੱਥੇ ਆਏ ਸਨ। ਹੈਰਾਨੀਜਨਕ ਤੇ ਪ੍ਰੇਰਨਾਦਾਇਕ ਗੱਲ ਇਹ ਹੈ ਕਿ ਉਨ੍ਹਾਂ ਨੇ ਗੁਰੂ ਘਰ ਦੀ ਸੇਵਾ ਬਦਲੇ ਕਦੇ ਕੋਈ ਭੇਟਾ ਸਵੀਕਾਰ ਨਹੀਂ ਕੀਤੀ, ਸਗੋਂ ਆਪਣੇ ਜੱਦੀ ਪਿੰਡ ਤੋਂ ਆਉਂਦੀ ਜ਼ਮੀਨ ਦੇ ਹਿੱਸੇ ਦੀ ਆਮਦਨ ਨਾਲ ਗੁਰਦੁਆਰਾ ਸਾਹਿਬ ਲਈ ਥਾਂ ਖਰੀਦਕੇ ਭੇਂਟ ਕੀਤੀ। ---------- ਸਾਂਝੀ ਵਿਰਾਸਤ ਅਤੇ ਬੁਨਿਆਦੀ ਸਹੂਲਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਵਜੀਦਕੇ ਕਲਾਂ ਦੇ ਮੁੱਢਲੇ ਵਸਨੀਕ ਸਮਰਾ ਗੋਤ ਨਾਲ ਸਬੰਧਿਤ ਹਨ, ਜਦਕਿ ਦੇਸ਼ ਦੀ ਵੰਡ ਤੋਂ ਬਾਅਦ ਇੱਥੇ ਗਰੇਵਾਲ, ਗਿੱਲ, ਧਾਲੀਵਾਲ ਅਤੇ ਬਰਨ ਗੋਤ ਦੇ ਪਰਿਵਾਰ ਵੀ ਆ ਕੇ ਵੱਸ ਗਏ, ਜੋ ਅੱਜ ਪਿੰਡ ’ਚ ਇੱਕ ਪਰਿਵਾਰ ਵਾਂਗ ਰਹਿ ਰਹੇ ਹਨ। ਪਿੰਡ ’ਚ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਬਾ ਢੇਰੀ ਵਾਲੇ ਦਾ ਪੀਰਖਾਨਾ, ਬਾਬਾ ਗੁਰਮੁਖ ਦਾਸ ਦਾ ਟਿੱਲਾ ਅਤੇ ਬਾਬਾ ਬੈਂਜੋ ਵਾਲੇ ਦੀ ਰਾਮਦਾਸ ਕੁਟੀਆ ਪ੍ਰਮੁੱਖ ਧਾਰਮਿਕ ਅਸਥਾਨ ਹਨ, ਜਿੱਥੇ ਹਰ ਵਰਗ ਦੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਪਿੰਡ ਅੰਦਰ ਗਦਰੀ ਸਹੀਦ ਰਹਿਮਤ ਅਲੀ ਯਾਦਗਾਰੀ ਗੇਟ ਤੇ ਸ਼ਹੀਦ ਰਹਿਮਤ ਅਲੀ ਦਾ ਬੁੱਤ ਵੀ ਬਣਿਆ ਹੋਇਆ ਹੈ । ਇਸ ਤੋਂ ਇਲਾਵਾ ਪਿੰਡ ’ਚ ਸਰਕਾਰੀ ਪ੍ਰਾਇਮਰੀ ਸਕੂਲ, ਵੈਟਰਨਰੀ ਡਿਸਪੈਂਸਰੀ, ਸਰਕਾਰੀ ਡਿਸਪੈਂਸਰੀ,ਅਨਾਜ ਮੰਡੀ, ਗ੍ਰਾਮੀਣ ਬੈਂਕ, ਗਊਸ਼ਾਲਾ ਤੇ ਵਾਟਰ ਵਰਕਸ ਵਰਗੀਆਂ ਮੁੱਢਲੀਆਂ ਸਹੂਲਤਾਂ ਮੌਜੂਦ ਹਨ, ਜੋ ਪਿੰਡ ਦੀ ਖੁਸ਼ਹਾਲੀ ਤੇ ਵਿਕਾਸ ਦੀ ਗਵਾਹੀ ਭਰਦੀਆਂ ਹਨ। ਇਸ ਮੌਕੇ ਹੈਡ ਗ੍ਰੰਥੀ ਗੁਰਮੀਤ ਸਿੰਘ , ਨਛੱਤਰ ਸਿੰਘ ,ਗੁਰਦੇਵ ਸਿੰਘ, ਮਨਜੀਤ ਸਿੰਘ ਕਾਕਾ, ਹਰਨੇਕ ਸਿੰਘ ਲਲਤੋ ਵਾਲੇ,ਗੁਰਬਚਨ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਤੇ ਸੇਵਾਦਾਰ ਅੰਗਰੇਜ ਸਿੰਘ ਹਾਜ਼ਰ ਸਨ।