- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਡੀਸੀ ਵਿਕਾਸ ਵੱਲੋਂ ਪਿੰਡ ਠੁੱਲੀਵਾਲ ਦੇ ਪਰਾਲੀ ਡੰਪ ਦਾ ਦੌਰਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਅਭਿਜੀਤ ਕਪਲਿਸ਼ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਪਿੰਡ ਠੁੱਲੀਵਾਲ ਵਿਚ ਸਥਾਪਿਤ ਪਰਾਲੀ ਦੇ ਡੰਪ ਦਾ ਦੌਰਾ ਕਰਕੇ ਪਰਾਲੀ ਦੀ ਇਕੱਤਰਤਾ, ਸਟੋਰੇਜ ਅਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਹ ਡੰਪ ਸੰਗਰੂਰ ਆਰਐਨਜੀ ਪ੍ਰਾਈਵੇਟ ਲਿਮਿਟਡ ਵੱਲੋਂ ਪਿੰਡ ਠੁੱਲੀਵਾਲ ’ਚ ਲੱਗਭੱਗ 14 ਏਕੜ ਰਕਬੇ ’ਚ ਸਥਾਪਿਤ ਕੀਤਾ ਗਿਆ ਹੈ, ਜਿੱਥੇ ਤਕਰੀਬਨ 70,000 ਟਨ ਪਰਾਲੀ ਇਕੱਤਰ ਕਰਕੇ ਸਟੋਰ ਕੀਤੀ ਗਈ ਹੈ। ਇਸ ਡੰਪ ਰਾਹੀਂ ਪਿੰਡ ਮਾਨਲ, ਠੁੱਲੀਵਾਲ, ਮਾਂਗੇਵਾਲ, ਕੁਰੜ, ਛਾਪਾ ਤੇ ਸਹੌਰ ਸਮੇਤ ਨੇੜਲੇ ਪਿੰਡਾਂ ’ਚੋਂ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਦੇ ਤਕਰੀਬਨ 14 ਬੇਲਰ ਵੀ ਇਸ ਡੰਪ ਦੇ ਨੇੜਲੇ ਖੇਤਰਾਂ ’ਚ ਕੰਮ ਕਰਦੇ ਹੋਏ ਕਿਸਾਨਾਂ ਦੇ ਖੇਤਾਂ ’ਚੋਂ ਪਰਾਲੀ ਦੀਆਂ ਗੱਠਾਂ ਤਿਆਰ ਕਰਕੇ ਇਕੱਤਰ ਕਰ ਰਹੇ ਹਨ।
ਇਸ ਨਾਲ ਪਰਾਲੀ ਦੀ ਇਕੱਤਰਤਾ ਤੇ ਲਿਫਟਿੰਗ ਦੇ ਕੰਮ ਨੂੰ ਹੋਰ ਤੇਜ਼ੀ ਮਿਲੀ ਹੈ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਵਧੇਰੇ ਸਹੂਲਤ ਮਿਲ ਰਹੀ ਹੈ। ਇਸ ਮੌਕੇ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪਰਾਲੀ ਨੂੰ ਸਿਰਫ਼ ਫ਼ਸਲ ਦੀ ਰਹਿੰਦ-ਖੂੰਹਦ ਸਮਝਣ ਦੀ ਬਜਾਏ ਇਸ ਨੂੰ ਇੱਕ ਕੀਮਤੀ ਪੂੰਜੀ ਤੇ ਆਮਦਨ ਦੇ ਸਰੋਤ ਵਜੋਂ ਦੇਖਣ ਦੀ ਲੋੜ ਹੈ। ਪਰਾਲੀ ਦੀਆਂ ਗੱਠਾਂ ਬਣਾ ਕੇ ਉਦਯੋਗਿਕ ਇਕਾਈਆਂ ਤੱਕ ਪਹੁੰਚਾਉਣ ਨਾਲ ਜਿੱਥੇ ਕਿਸਾਨਾਂ ਨੂੰ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਬਣਦੀ ਹੈ, ਉੱਥੇ ਹੀ ਇਸ ਦੀ ਵਰਤੋਂ ਨਾਲ ਊਰਜਾ ਉਤਪਾਦਨ ਤੇ ਉਦਯੋਗਿਕ ਲੋੜਾਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਟੋਰੇਜ ਡੰਪ ਕਿਸਾਨਾਂ, ਬੇਲਰ ਮਾਲਕਾਂ ਅਤੇ ਉਦਯੋਗਿਕ ਇਕਾਈਆਂ ਵਿਚਕਾਰ ਇੱਕ ਮਜ਼ਬੂਤ ਤਾਲਮੇਲ ਸਥਾਪਿਤ ਕਰਦੇ ਹਨ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਇਹ ਡੰਪ ਨੇੜਲੇ ਪਿੰਡਾਂ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਡੰਪ ਵੱਲੋਂ ਵੱਖ-ਵੱਖ ਪਿੰਡਾਂ ਵਿੱਚੋਂ ਬੇਲਰਾਂ ਰਾਹੀਂ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ’ਚ ਕਾਫ਼ੀ ਸਹੂਲਤ ਮਿਲ ਰਹੀ ਹੈ। ਕਿਸਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਬੰਧਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਘਟਾਉਣ ਦੇ ਨਾਲ-ਨਾਲ ਇਸ ਨੂੰ ਇੱਕ ਲਾਭਦਾਇਕ ਸਰੋਤ ਵਜੋਂ ਵਰਤਣ ਨੂੰ ਵੀ ਉਤਸ਼ਾਹ ਮਿਲਦਾ ਹੈ। ਇਸ ਮੌਕੇ ਵਧੀਕ ਡਿਪਟੀ ਵਿਕਾਸ ਦਫ਼ਤਰ ਤੋਂ ਸੁਪਰਡੈਂਟ ਅਨੁਰਾਗ ਵਰਮਾ, ਖੇਤੀਬਾੜੀ ਵਿਭਾਗ ਤੋਂ ਸ੍ਰੀਮਤੀ ਸੁਨੀਤਾ ਸ਼ਰਮਾ, ਗੁਰਵੀਰ ਸਿੰਘ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਿੰਡ ਠੁੱਲੀਵਾਲ ਦੀ ਪੰਚਾਇਤ, ਪਲਾਂਟ ਹੈੱਡ, ਬੇਲਰ ਮਾਲਕ ਮੱਖਣ ਸਿੰਘ, ਹਰਪ੍ਰੀਤ ਸਿੰਘ, ਪਿਆਰਾ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।