- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੀ ਰਾਤ ਨੂੰ ਮੱਝ ਚੋਰਾਂ ਦਾ ਪਿੱਛਾ ਕਰਨ ਤੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਵੱਲੋਂ ਬੀਤੀ ਕੱਲ੍ਹ ਰਾਤ ਚੋਰ ਗਿਰੋਹ ਦਾ ਪਿੱਛਾ ਕਰਨ ਤੇ ਚੋਰਾਂ ਨੇ ਆਪਣੇ ਕੈਂਟਰ ਨਾਲ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਪੁਲਿਸ ਦੀ ਗੱਡੀ ਨੁਕਸਾਨੀ ਗਈ, ਪੁਲਿਸ ਵੱਲੋਂ ਪਿੱਛਾ ਕਰਨ ਤੇ ਪਿੰਡ ਮਹਿਤਾ ਲਾਗੇ ਕੈਂਟਰ ਖੇਤਾਂ ’ਚ ਲਹਿ ਜਾਣ ਕਾਰਨ ਚੋਰ ਕੈਂਟਰ ਛੱਡਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰੀਫ ਖਾਨ ਨੇ ਦੱਸਿਆ ਕਿ ਲੰਘੀ ਬੀਤੀ ਰਾਤ ਮੱਝ ਚੋਰਾਂ ਨੇ ਧਨੌਲਾ ਤੋਂ ਮੱਝਾਂ ਚੋਰੀ ਕਰ ਲਈਆਂ ਤੇ ਹੰਡਿਆਇਆ ਵੱਲ ਦੀ ਹੁੰਦੇ ਹੋਏ ਜਦ ਮਾਨਸਾ ਵੱਲ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੂੰ ਉਸਦੀ ਸੂਚਨਾ ਮਿਲੀ ਜਿਸ ਤੇ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਕੈਂਟਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚੋਰਾਂ ਨੇ ਪੁਲਿਸ ਨੂੰ ਚਕਮਾ ਦੇਣ ਲਈ ਕੈਂਟਰ ਲਿੰਕ ਸੜਕ ਤੇ ਪਾ ਲਿਆ। ਜਦ ਪੁਲਿਸ ਨੇ ਕਾਹਨੇਕੇ - ਧੌਲਾ ਸੜਕ ਤੇ ਸ਼ੈਲਰਾਂ ਲਾਗੇ ਕੈਂਟਰ ਨੂੰ ਅੱਗਿਓ ਘੇਰਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਕੈਂਟਰ ਨੂੰ ਸਿੱਧਾ ਪੁਲਿਸ ਦੀ ਗੱਡੀ ’ਚ ਲਿਆ ਮਾਰਿਆ, ਜਿਸ ਕਾਰਨ ਪੁਲਿਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬੱਚਤ ਰਹਿ ਗਈ। ਪੁਲਿਸ ਨੇ ਗੱਡੀ ਮੋੜ ਕੇ ਫਿਰ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਧੌਲਾ ਤੋਂ ਮਹਿਤਾ ਨੂੰ ਜਾਂਦੇ ਰਸਤੇ ਤੇਜ਼ ਰਫਤਾਰ ਕੈਂਟਰ ਇੱਕ ਜ਼ਮੀਨ ’ਚ ਲਹਿ ਗਿਆ ਪਰ ਚੋਰ ਕੈਂਟਰ ਛੱਡ ਕੇ ਹਨੇਰੇ ਦਾ ਫਾਇਦਾ ਉਠਾਦਿਆਂ ਫ਼ਰਾਰ ਹੋ ਗਏ। ਪੁਲਿਸ ਨੇ ਕੈਂਟਰ ਨੂੰ ਮੱਝਾਂ ਸਮੇਤ ਕਾਬੂ ਕਰ ਲਿਆ ਹੈ। ਥਾਣਾ ਰੂੜੇਕੇ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਪਾਰਟੀ ਤੇ ਕਾਤਲਾਨਾ ਹਮਲਾ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਤੇਜੀ ਨਾਲ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਮੌਕੇ ਤੇ ਵਿਖਾਈ ਮੁਸਤੈਦੀ ਦੀ ਇਲਾਕੇ ਦੇ ਲੋਕਾਂ ਵੱਲੋਂ ਕਾਫੀ ਸਲਾਘਾ ਕੀਤੀ ਜਾ ਰਹੀ ਹੈ।