ਵਿੱਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ ਵਿੱਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ
Publish Date: Tue, 24 Nov 2026 04:31 PM (IST)
Updated Date: Tue, 24 Nov 2026 04:34 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਪਿਛਲੇ 335 ਦਿਨਾਂ ਤੋ ਜਾਰੀ ਹੈ। ਸਿੱਖਿਆ ਅਤੇ ਸਿਹਤ ਵਿਭਾਗ ’ਚ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਜਿੱਥੇ ਉਨ੍ਹਾਂ ਨੇ ਬੇਰੁਜ਼ਗਾਰਾਂ ਮੰਗਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੇ ਮੰਤਰੀ ਚੀਮਾ ਨੂੰ ਭਰਤੀ ਕੈਲੰਡਰ ਲਾਗੂ ਕਰਨ ਵਾਲਾ ਵਾਅਦਾ ਚੇਤੇ ਕਰਵਾਇਆ, ਜਿਸ ਬਾਰੇ ਵਿੱਤ ਮੰਤਰੀ ਨੇ ਗੱਲ ਨੂੰ ਟਾਲਣਾ ਹੀ ਵਾਜਬ ਸਮਝਿਆ। ਬੇਰੁਜ਼ਗਾਰਾਂ ਨੇ ਵਿੱਤ ਮੰਤਰੀ ਨੂੰ ਸਾਲ 2019 ਦੀ ਉਹ ਤਸਵੀਰ ਵਿਖਾਈ ਜਿਸ ’ਚ ਉਹ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਦੀ ਅਨਾਜ ਮੰਡੀ ’ਚ ਬੇਰੁਜ਼ਗਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਬੇਰੁਜ਼ਗਾਰਾਂ ਨੇ ਯਾਦ ਕਰਵਾਇਆ ਕਿ ਉਹ ਰੈਲੀ ਚੱਕ ਭਾਈ ਕੇ ਪਿੰਡ ਦੇ ਦਲਿਤ ਅਪੰਗ ਬੇਰੁਜ਼ਗਾਰ ਅਧਿਆਪਕ ਜਗਸੀਰ ਸਿੰਘ ਦੀ ਖੁਦਕੁਸ਼ੀ ਮਗਰੋ ਉਸਨੂੰ ਇਨਸਾਫ਼ ਦਿਵਾਉਣ ਲਈ ਉਸ ਵੇਲੇ ਦੀ ਕਾਂਗਰਸ ਸਰਕਾਰ ਖ਼ਿਲਾਫ਼ ਰੱਖੀ ਗਈ ਸੀ, ਕਿਉਂਕਿ 2018 ’ਚ ਸਰਕਾਰ ਨੇ ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ ’ਚ ਸੋਧ ਕਰਕੇ ਮਾਸਟਰ ਕੇਡਰ ਭਰਤੀ ਲਈ ਗ੍ਰੈਜੂਏਸ਼ਨ ’ਚੋਂ 55 ਫੀਸਦੀ ਲਾਜ਼ਮੀ ਅੰਕਾਂ ਦੀ ਨਵੀਂ ਸ਼ਰਤ ਥੋਪੀ ਸੀ। ਜਦਕਿ ਕੇਂਦਰੀ ਵਿਦਿਆਲਿਆ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਸਮੇਤ ਕਿਸੇ ਵੀ ਰਾਸ਼ਟਰੀ ਜਾਂ ਰਾਜ ਪੱਧਰੀ ਨਿਯਮਾਂ ’ਚ ਅਜਿਹੀ ਸ਼ਰਤ ਨਹੀਂ ਹੈ। ਉਕਤ ਸ਼ਰਤ ਤੋ ਦੁਖੀ ਹੋ ਕੇ ਜਗਸੀਰ ਸਿੰਘ ਨੇ ਖੁਦਕੁਸ਼ੀ ਕੀਤੀ ਸੀ। ਹਰਪਾਲ ਚੀਮਾ ਨੇ ਉਸ ਵਕਤ ਭਰੇ ਇਕੱਠ ’ਚ ਅਜਿਹੀਆਂ ਬੇਤੁਕੀਆਂ ਸ਼ਰਤਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੁੱਢੋ ਰੱਦ ਕਰਨ ਦਾ ਐਲਾਨ ਕੀਤਾ ਸੀ। ਬੇਰੁਜ਼ਗਾਰਾਂ ਨੇ ਉਕਤ ਸ਼ਰਤ ਨੂੰ ਸੰਘਰਸ਼ ਰਾਹੀਂ ਕਾਂਗਰਸ ਰੱਦ ਕਰਵਾਇਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਸਨੂੰ ਮੁੜ ਲਾਗੂ ਕਰ ਦਿੱਤਾ। ਇਸ ਨਾਲ ਬੀ ਐਡ,ਈਟੀਟੀ ਸਮੇਤ ਸੱਤ - ਅੱਠ ਕਾਡਰਾਂ ਦੇ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦੀ ਹੋ ਰਹੀਆਂ ਹਨ। ਵਿੱਤ ਮੰਤਰੀ ਚੀਮਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਕਤ ਮੰਗਾਂ ਦੀ ਪੂਰਤੀ ਲਈ ਜਲਦ ਮੁੱਖ ਮੰਤਰੀ ਕੋਲੋ ਤਜਵੀਜ਼ ਪਾਸ ਕਰਵਾਉਣ ਦਾ ਭਰੋਸਾ ਦਿੱਤਾ। ਬੇਰੁਜ਼ਗਾਰਾਂ ਵੱਲੋ 24 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਫੈਸਲਾ ਇੱਕ ਵਾਰ ਕੁਝ ਦਿਨਾਂ ਲਈ ਮੁਲਤਵੀ ਕਰਕੇ 29 ਨਵੰਬਰ ਦਾ ਅਗਲਾ ਐਲਾਨ ਕੀਤਾ।ਇਸ ਮੌਕੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੋਟ, ਅਮਨ ਸੇਖਾ ਤੋ ਇਲਾਵਾ ਗੁਰਪਿਆਰ ਸਿੰਘ,ਲਲਿਤਾ ਪਟਿਆਲਾ ਅਤੇ ਸੰਦੀਪ ਮੋਫ਼ਰ ਆਦਿ ਹਾਜ਼ਰ ਸਨ।ਉਨ੍ਹਾਂ ਸਮੂਹ ਬੇਰੁਜ਼ਗਾਰਾਂ ਨੂੰ 29 ਨਵੰਬਰ ਨੂੰ ਸੰਗਰੂਰ ਵੇਰਕਾ ਮਿਲਕ ਪਲਾਂਟ ਪਹੁੰਚਣ ਦੀ ਅਪੀਲ ਕੀਤੀ।