- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਨਣਾ 2027: ਡਿਜੀਟਲ ਵੈਨ ਰਾਹੀਂ ਸਬ ਡਵੀਜ਼ਨ ਤਪਾ ’ਚ ਕੀਤਾ ਜਾਗਰੂਕ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਜਨਗਣਨਾ 2027 ਦੇ ਦੂਜੇ ਪੜਾਅ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਾਇਰੈਕਟੋਰੇਟ ਆਫ ਸੈਂਸਸ ਆਪ੍ਰੇਸ਼ਨਜ਼ ਪੰਜਾਬ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਜਨਗਣਨਾ ਜਾਗਰੂਕਤਾ ਵੈਨ ਸਬ ਡਵੀਜ਼ਨ ਤਪਾ ਵਿਖੇ ਪਹੁੰਚੀ ਅਤੇ ਲੋਕਾਂ ਨੂੰ ਸਵੈ- ਗਣਨਾ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮੌਜੂਦ ਐੱਸਡੀਐੱਮ ਤਪਾ ਗਗਨਦੀਪ ਸਿੰਘ ਪੀਸੀਐੱਸ ਨੇ ਕਿਹਾ ਕਿ ਜਨਗਣਨਾ-2027 ਨੂੰ ਡਿਜ਼ੀਟਲ ਅਤੇ ਬੇਹੱਦ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਵੈ-ਗਣਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਕੋਈ ਵੀ ਆਮ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਨਗਣਨਾ ਖੁਦ ਕਰ ਸਕਦਾ ਹੈ। ਇਹ ਸਹੂਲਤ ਅਧਿਕਾਰਤ ਪੋਰਟਲ ’ਤੇ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ 30 ਨਵੰਬਰ 2026 ਤੱਕ ਲੋਕ ਸਵੈ-ਗਣਨਾ ਤਹਿਤ ਪੋਰਟਲ ’ਤੇ ਆਪਣੀ ਜਾਣਕਾਰੀ ਅਪਲੋਡ ਸਕਦੇ ਹਨ ਜੋ ਕਿ ਬੜੀ ਆਸਾਨ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਆਪਣੇ ਮੋਬਾਈਲ, ਟੈਬਲੇਟ ਜਾਂ ਕੰਪਿਊਟਰ ਦੇ ਬ੍ਰਾਊਜ਼ਰ ’ਚ ਜਨਗਣਨਾ ਦਾ ਅਧਿਕਾਰਤ ਪੋਰਟਲ ਖੋਲ੍ਹੋ। ਇਸ ਤੋਂ ਬਾਅਦ ਰਾਜ ਅਤੇ ਕੈਪਚਾ ਚੁਣੋ।
ਪੋਰਟਲ ਖੁੱਲ੍ਹਣ ’ਤੇ ਡਰਾਪ-ਡਾਊਨ ਸੂਚੀ ਵਿੱਚੋਂ ਆਪਣਾ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ.) ਚੁਣੋ। ਇਸ ਤੋਂ ਬਾਅਦ ਸਕ੍ਰੀਨ ’ਤੇ ਦਿਖਾਈ ਦੇ ਰਹੇ ਕੈਪਚਾ ਕੋਡ ਨੂੰ ਦਰਜ ਕਰਕੇ ਅੱਗੇ ਵਧੋ। ਅਗਲੇ ਪੜਾਅ ’ਚ ਪਰਿਵਾਰ ਦੇ ਮੁਖੀ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ, ਜਿਸ ਤਹਿਤ ਮੁਖੀ ਦਾ ਪੂਰਾ ਨਾਮ ਅਤੇ ਚਾਲੂ ਮੋਬਾਈਲ ਨੰਬਰ ਦਰਜ ਕਰੋ। ਇਸ ਦੇ ਨਾਲ ਹੀ ਆਪਣੀ ਪਸੰਦੀਦਾ ਭਾਸ਼ਾ ਚੁਣੋ। ਇਹ ਪੋਰਟਲ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 16 ਭਾਰਤੀ ਭਾਸ਼ਾਵਾਂ ’ਚ ਉਪਲੱਬਧ ਹੈ। ਧਿਆਨ ਰਹੇ ਕਿ ਇੱਕ ਵਾਰ ਸਬਮਿਟ ਕਰਨ ਤੋਂ ਬਾਅਦ ਮੁਖੀ ਦਾ ਨਾਮ ਅਤੇ ਭਾਸ਼ਾ ਬਦਲੀ ਨਹੀਂ ਜਾ ਸਕਦੀ। ਤੁਹਾਡੇ ਵੱਲੋਂ ਦਰਜ ਕੀਤੇ ਗਏ ਮੋਬਾਈਲ ਨੰਬਰ ’ਤੇ ਵਨ-ਟਾਈਮ ਪਾਸਵਰਡ (ਓ.ਟੀ.ਪੀ.) ਆਵੇਗਾ। ਇਸ ਨੂੰ ਨਿਰਧਾਰਤ ਬਾਕਸ ’ਚ ਭਰ ਕੇ ਵੈਰੀਫਾਈ ਕਰੋ। ਇਸ ਤੋਂ ਬਾਅਦ ਆਪਣਾ ਪੂਰਾ ਪਤਾ, ਜ਼ਿਲ੍ਹਾ, ਪਿੰਡ/ਸ਼ਹਿਰ, ਮੁਹੱਲਾ ਅਤੇ ਲੈਂਡਮਾਰਕ ਵਰਗੀਆਂ ਜਾਣਕਾਰੀਆਂ ਭਰੋ। ਪੋਰਟਲ ’ਤੇ ਦਿੱਤੇ ਗਏ ਡਿਜ਼ੀਟਲ ਨਕਸ਼ੇ ’ਤੇ ਆਪਣੇ ਘਰ ਦੀ ਸਹੀ ਲੋਕੇਸ਼ਨ ਨੂੰ ਮਾਰਕ (ਟੈਗ) ਕਰੋ ਤੇ ‘ਸੇਵ ਐਂਡ ਨੈਕਸਟ’ ’ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸਕ੍ਰੀਨ ’ਤੇ ਆਉਣ ਵਾਲੀ ਡਿਜ਼ੀਟਲ ਪ੍ਰਸ਼ਨਾਵਲੀ ’ਚ ਆਪਣੇ ਮਕਾਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸਬੰਧਤ ਲੋੜੀਂਦੀਆਂ ਅਤੇ ਬੁਨਿਆਦੀ ਜਾਣਕਾਰੀਆਂ ਧਿਆਨ ਨਾਲ ਦਰਜ ਕਰੋ। ਫਾਰਮ ਨੂੰ ਅੰਤਿਮ ਰੂਪ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਭਰੀਆਂ ਗਈਆਂ ਸਾਰੀਆਂ ਜਾਣਕਾਰੀਆਂ ਦੀ ਦੁਬਾਰਾ ਚੰਗੀ ਤਰ੍ਹਾਂ ਜਾਂਚ ਕਰ ਲਵੋ। ਜੇਕਰ ਕੋਈ ਗਲਤੀ ਹੋਵੇ ਤਾਂ ਉਸ ਨੂੰ ਸੋਧ ਲਵੋ ਸਾਰੀਆਂ ਜਾਣਕਾਰੀਆਂ ਸਹੀ ਹੋਣ ’ਤੇ ‘ਫਾਈਨਲ ਸਬਮਿਟ’ ਬਟਨ ਦਬਾਓ। ਫਾਰਮ ਫਾਈਨਲ ਸਬਮਿਟ ਹੁੰਦੇ ਹੀ ਤੁਹਾਡੀ ਸਕ੍ਰੀਨ ’ਤੇ 11 ਅੰਕਾਂ ਵਾਲਾ ਇੱਕ ਵਿਲੱਖਣ ਸਵੈ-ਗਣਨਾ ਪਛਾਣ ਨੰਬਰ ਦਿਖਾਈ ਦੇਵੇਗਾ। ਇਸ ਨੂੰ ਨੋਟ ਕਰ ਲਵੋ ਜਾਂ ਇਸ ਦਾ ਸਕ੍ਰੀਨਸ਼ਾਟ ਲੈ ਕੇ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਕਰਮਚਾਰੀ ਤੁਹਾਡੇ ਘਰ ਆਉਣਗੇ ਤਾਂ ਤੁਹਾਨੂੰ ਉਨ੍ਹਾਂ ਨੂੰ ਸਿਰਫ਼ ਇਹ 11 ਅੰਕਾਂ ਵਾਲਾ ਐਸ.ਈ. ਆਈਡੀ ਦਿਖਾਉਣਾ ਹੋਵੇਗਾ। ਇਸ ਨਾਲ ਤੁਹਾਡਾ ਅਤੇ ਜਨਗਣਨਾ ਕਰਮਚਾਰੀਆਂ ਦੋਵਾਂ ਦਾ ਸਮਾਂ ਬਚੇਗਾ।
ਐਸਡੀਐਮ ਗਗਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਜਨਗਣਨਾ ਕਰਨਗੇ ਤੇ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਪੁਨਰ ਨਿਰੀਖਣ ਕੀਤਾ ਜਾਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਜਨਗਣਨਾ ਦੇ ਦੂਜੇ ਪੜਾਅ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ।