- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀਆਂ ’ਚ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ ਲੋਕ, ਕੱਪੜੇ, ਬੂਟ ਤੇ ਹੋਰ ਜ਼ਰੂਰੀ ਸਮਾਨ ਦਾਨ ਕਰਨ ਦੀ ਲੋੜ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਜਿੱਥੇ ਠੰਢ ਤੋਂ ਬਚਣ ਲਈ ਹਰ ਵਿਅਕਤੀ ਗਰਮ ਕੱਪੜਿਆਂ, ਜੈਕਟਾਂ ਤੇ ਜੁੱਤੀਆਂ ਦਾ ਪ੍ਰਬੰਧ ਕਰ ਰਿਹਾ ਹੈ, ਉੱਥੇ ਹੀ ਸਮਾਜ ’ਚ ਅਜਿਹੇ ਬਹੁਤ ਸਾਰੇ ਲੋੜਵੰਦ ਪਰਿਵਾਰ ਵੀ ਹਨ, ਜਿਨ੍ਹਾਂ ਕੋਲ ਠੰਢ ਤੋਂ ਬਚਣ ਲਈ ਲੋੜੀਂਦੇ ਸਾਧਨ ਨਹੀਂ ਹਨ। ਕਈ ਬੱਚੇ, ਬਜ਼ੁਰਗ ਤੇ ਬੇਸਹਾਰਾ ਲੋਕ ਗਰਮ ਕੱਪੜਿਆਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਅਜਿਹੇ ’ਚ ਸਮਾਜ ਦੇ ਸਮਰੱਥ ਲੋਕਾਂ ਨੂੰ ਅੱਗੇ ਆ ਕੇ ਪੁਰਾਣੇ ਪਰ ਸਾਫ਼-ਸੁਥਰੇ ਕੱਪੜੇ, ਸਵੈਟਰ, ਜੈਕਟਾਂ, ਕੰਬਲ, ਬੂਟ, ਜੁਰਾਬਾਂ ਅਤੇ ਹੋਰ ਵਰਤੋਂਯੋਗ ਸਮਾਨ ਦਾਨ ਕਰਨਾ ਚਾਹੀਦਾ ਹੈ। ਇਸ ਸਬੰਧੀ ਸਮਾਜਸੇਵੀ ਵਿਅਕਤੀਆਂ ਦੇ ਵਿਚਾਰ।
------
ਲੋੜਵੰਦ ਵਿਅਕਤੀਆਂ ਦੀ ਕਰੋ ਮੱਦਦ:ਨਵੀਨ ਕਵਾਤਰਾ
ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਦੇ ਪ੍ਰਮੋਟਰ ਨਵੀਨ ਕਵਾਤਰਾ ਨੇ ਕਿਹਾ ਕਿ ਸਰਦੀਆਂ ਦੇ ਮੌਸਮ ’ਚ ਲੋੜਵੰਦਾਂ ਦੀ ਮੱਦਦ ਕਰਨਾ ਸਭ ਤੋਂ ਵੱਡੀ ਸਮਾਜ ਸੇਵਾ ਹੈ। ਸਾਡੇ ਘਰਾਂ ’ਚ ਅਕਸਰ ਅਜਿਹੇ ਕੱਪੜੇ ਪਏ ਹੁੰਦੇ ਹਨ, ਜਿਨ੍ਹਾਂ ਦੀ ਅਸੀਂ ਵਰਤੋਂ ਨਹੀਂ ਕਰਦੇ, ਪਰ ਉਹ ਕਿਸੇ ਲੋੜਵੰਦ ਵਿਅਕਤੀ ਲਈ ਬਹੁਤ ਕੀਮਤੀ ਸਾਬਤ ਹੋ ਸਕਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ’ਚੋਂ ਸਾਫ਼ ਅਤੇ ਚੰਗੀ ਹਾਲਤ ਵਾਲੇ ਪੁਰਾਣੇ ਕੱਪੜੇ, ਸਵੈਟਰ, ਜੈਕਟਾਂ, ਬੂਟ ਅਤੇ ਕੰਬਲ ਇਕੱਠੇ ਕਰਕੇ ਲੋੜਵੰਦਾਂ ਤੱਕ ਪਹੁੰਚਾਉਣ। ਖ਼ਾਸ ਕਰਕੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਅਤੇ ਬੇਸਹਾਰਾ ਬਜ਼ੁਰਗਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਦਾਨ ਕੀਤਾ ਜਾਣ ਵਾਲਾ ਸਮਾਨ ਸਾਫ਼-ਸੁਥਰਾ ਅਤੇ ਵਰਤੋਂ ਦੇ ਯੋਗ ਹੋਵੇ। ਸਮਾਜ ਸੇਵਾ ਲਈ ਵੱਡੀ ਰਕਮ ਦੀ ਲੋੜ ਨਹੀਂ ਹੁੰਦੀ, ਸਗੋਂ ਛੋਟੀ ਜਿਹੀ ਕੋਸ਼ਿਸ਼ ਵੀ ਕਿਸੇ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆ ਸਕਦੀ ਹੈ।
-----
ਲੋੜਵੰਦ ਵਿਅਕਤੀਆਂ ਦੀ ਕੀਤੀ ਜਾਵੇ ਮਦਦ : ਰੋਹਿਤ ਜਿੰਦਲ
: ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਦੇ ਪ੍ਰਮੋਟਰ ਰੋਹਿਤ ਜਿੰਦਲ ਨੇ ਕਿਹਾ ਕਿ ਸਰਦੀਆਂ ’ਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਬੱਚਿਆਂ ਕੋਲ ਸਕੂਲ ਜਾਣ ਲਈ ਗਰਮ ਵਰਦੀਆਂ, ਜੁਰਾਬਾਂ, ਬੂਟ ਅਤੇ ਸਵੈਟਰ ਤੱਕ ਨਹੀਂ ਹੁੰਦੇ। ਇਸ ਕਾਰਨ ਉਨ੍ਹਾਂ ਨੂੰ ਠੰਢ ’ਚ ਸਕੂਲ ਜਾਣਾ ਪੈਂਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਛੋਟੇ ਹੋ ਚੁੱਕੇ ਪਰ ਚੰਗੀ ਹਾਲਤ ਵਾਲੇ ਕੱਪੜੇ ਅਤੇ ਬੂਟ ਲੋੜਵੰਦ ਬੱਚਿਆਂ ਨੂੰ ਦਾਨ ਕਰਨ। ਸਕੂਲਾਂ, ਸਮਾਜਿਕ ਸੰਸਥਾਵਾਂ ਅਤੇ ਨੌਜਵਾਨ ਕਲੱਬਾਂ ਨੂੰ ਵੀ ਇਸ ਮੁਹਿੰਮ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜੇਕਰ ਹਰ ਪਰਿਵਾਰ ਇੱਕ ਲੋੜਵੰਦ ਬੱਚੇ ਦੀ ਮੱਦਦ ਕਰਨ ਦਾ ਸੰਕਲਪ ਲੈ ਲਵੇ ਤਾਂ ਬਹੁਤ ਸਾਰੇ ਬੱਚਿਆਂ ਨੂੰ ਠੰਢ ਤੋਂ ਬਚਾਇਆ ਜਾ ਸਕਦਾ ਹੈ। ਬੱਚਿਆਂ ’ਚ ਵੀ ਛੋਟੀ ਉਮਰ ਤੋਂ ਹੀ ਦਾਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੱਡੇ ਹੋ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਸਕਣ।
----
ਸੋਸਲ ਮੀਡੀਆ ’ਤੇ ਪੋਸਟ ਪਾ ਕੇ ਨਾ ਬਾਣਿਆ ਜਾਵੇ ਲੋੜਵੰਦਾਂ ਦਾ ਮਜਾਕ: ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ
ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਦੇ ਪ੍ਰਮੋਟਰ ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਨੇ ਕਿਹਾ ਕਿ ਸਮਾਜ ’ਚ ਰਹਿਣ ਵਾਲੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰੇ। ਵਪਾਰੀ ਵਰਗ ਇਸ ਕੰਮ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਦੁਕਾਨਦਾਰ ਅਤੇ ਹੋਰ ਕਾਰੋਬਾਰੀ ਲੋਕ ਗਰਮ ਕੱਪੜੇ, ਬੂਟ, ਕੰਬਲ ਅਤੇ ਜ਼ਰੂਰੀ ਸਾਮਾਨ ਦਾਨ ਕਰਕੇ ਗਰੀਬ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਬਾਜ਼ਾਰਾਂ ਵਿੱਚ ਕੱਪੜੇ ਇਕੱਠੇ ਕਰਨ ਲਈ ਵਿਸ਼ੇਸ਼ ਸਥਾਨ ਬਣਾਏ ਜਾ ਸਕਦੇ ਹਨ, ਜਿੱਥੇ ਲੋਕ ਆਪਣੀ ਇੱਛਾ ਅਨੁਸਾਰ ਸਾਮਾਨ ਜਮ੍ਹਾਂ ਕਰਵਾ ਸਕਣ। ਕਈ ਵਾਰ ਲੋਕਾਂ ਕੋਲ ਸਾਮਾਨ ਹੁੰਦਾ ਹੈ ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਸ ਨੂੰ ਦਿੱਤਾ ਜਾਵੇ। ਇਸ ਲਈ ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਨੀ ਚਾਹੀਦੀ ਹੈ। ਦਾਨ ਕਰਦੇ ਸਮੇਂ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਅਤੇ ਨਾ ਹੀ ਕਿਸੇ ਦੀ ਫੋਟੋ ਜਾਂ ਵੀਡੀਓ ਬਣਾ ਕੇ ਉਸ ਦੇ ਸਵੈਮਾਣ ਨੂੰ ਠੇਸ ਪਹੁੰਚਾਉਣੀ ਚਾਹੀਦੀ ਹੈ।
------
ਮਨੁੱਖਤਾ ਦੀ ਸੇਵਾ ਲਈ ਅੱਗੇ ਆਓ: ਜੋਸ਼ੀ ਗੋਇਲ
: ਕਾਲੋਨਾਈਜਰ ਜੋਸ਼ੀ ਗੋਇਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਦੀਆਂ ਦੇ ਮੌਸਮ ’ਚ ਲੋੜਵੰਦਾਂ ਦੀ ਮਦਦ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਅੱਜ ਦੇ ਸਮੇਂ ’ਚ ਸੋਸ਼ਲ ਮੀਡੀਆ ਦੀ ਮੱਦਦ ਨਾਲ ਲੋਕਾਂ ਨੂੰ ਇਸ ਨੇਕ ਕਾਰਜ ਨਾਲ ਜੋੜਿਆ ਜਾ ਸਕਦਾ ਹੈ। ਨੌਜਵਾਨ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਨੂੰ ਪੁਰਾਣੇ ਪਰ ਵਰਤੋਂਯੋਗ ਕੱਪੜੇ, ਬੂਟ, ਕੰਬਲ ਅਤੇ ਹੋਰ ਸਾਮਾਨ ਦਾਨ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਇਸ ਸਾਮਾਨ ਨੂੰ ਇਕੱਠਾ ਕਰਕੇ ਲੋੜਵੰਦ ਪਰਿਵਾਰਾਂ, ਬੇਸਹਾਰਾ ਬਜ਼ੁਰਗਾਂ ਅਤੇ ਸੜਕਾਂ ਕਿਨਾਰੇ ਰਹਿਣ ਵਾਲੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਵੱਲੋਂ ਦਿੱਤਾ ਗਿਆ ਇੱਕ ਸਵੈਟਰ ਜਾਂ ਇੱਕ ਜੋੜਾ ਬੂਟ ਕਿਸੇ ਲਈ ਕਿੰਨਾ ਮਾਇਨੇ ਰੱਖਦਾ ਹੋਵੇਗਾ। ਹੋ ਸਕਦਾ ਹੈ ਕਿ ਸਾਡੇ ਵੱਲੋਂ ਦਿੱਤਾ ਗਿਆ ਇੱਕ ਕੰਬਲ ਕਿਸੇ ਪਰਿਵਾਰ ਨੂੰ ਠੰਢੀ ਰਾਤ ’ਚ ਵੱਡੀ ਰਾਹਤ ਦੇ ਜਾਵੇ। ਨੌਜਵਾਨਾਂ ਨੂੰ ਅਜਿਹੀਆਂ ਮੁਹਿੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।