- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਰਿਸਤਾਨ ’ਚ ਕੂੜੇ ਦੇ ਢੇਰਾਂ ਤੋਂ ਖਫ਼ਾ ਗੁਰਬਾਜ ਸਿੰਘ ਬਾਜ ਨੇ ਡੀਸੀ ਦਫ਼ਤਰ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ

ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਹੰਡਿਆਇਆ ਰੋਡ ’ਤੇ ਓਵਰਬ੍ਰਿਜ ਨੇੜੇ ਮਸੀਹੀ ਭਾਈਚਾਰੇ ਦੀਆਂ ਮ੍ਰਿਤਕ ਦੇਹਾਂ ਦਫ਼ਨਾਉਣ ਲਈ ਬਣਾਏ ਗਏ ਕਬਰਿਸਤਾਨ ’ਚ ਲੱਗੇ ਕੂੜੇ ਤੇ ਮਿੱਟੀ ਦੇ ਢੇਰਾਂ ਨੂੰ ਚੁਕਵਾਉਣ ਅਤੇ ਚਾਰਦੀਵਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਕ੍ਰਿਸਚਨ ਨੈਸ਼ਨਲ ਫਰੰਟ ਪੰਜਾਬ ਦੇ ਸਲਾਹਕਾਰ ਗੁਰਬਾਜ ਸਿੰਘ ਬਾਜ ਵੱਲੋਂ ਆਪਣੇ ਸਮਰਥਕਾਂ ਸਮੇਤ ਡੀਸੀ ਦਫ਼ਤਰ ਬਰਨਾਲਾ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਬਾਜ ਸਿੰਘ ਬਾਜ ਨੇ ਦੱਸਿਆ ਕਿ ਹੰਡਿਆਇਆ ਰੋਡ ’ਤੇ ਓਵਰਬ੍ਰਿਜ ਨੇੜੇ ਮਸੀਹੀ ਭਾਈਚਾਰੇ ਦੀਆਂ ਮ੍ਰਿਤਕ ਦੇਹਾਂ ਦਫ਼ਨਾਉਣ ਲਈ ਕਬਰਿਸਤਾਨ ਬਣਾਇਆ ਗਿਆ ਹੈ। ਪਰ ਇਸ ਦੇ ਨੇੜੇ ਕੂੜਾ ਡੰਪ ਹੋਣ ਕਾਰਨ ਕਬਰਿਸਤਾਨ ’ਚ ਵੀ ਕੂੜੇ ਤੇ ਰੀਸਾਈਕਲਿੰਗ ਕੀਤੇ ਕੂੜੇ ਦੇ ਢੇਰ ਲੱਗੇ ਹੋਏ ਹਨ।
ਇਸ ਕਾਰਨ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਦਫ਼ਨਾਉਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਨਗਰ ਨਿਗਮ ਬਰਨਾਲਾ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਤੇ ਜਗ੍ਹਾ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਗੁਰਬਾਜ ਸਿੰਘ ਬਾਜ ਨੇ ਦੱਸਿਆ ਕਿ ਕਬਰਿਸਤਾਨ ਦੀ ਚਾਰਦੀਵਾਰੀ ਲਈ ਨਗਰ ਨਿਗਮ ਵੱਲੋਂ ਟੈਂਡਰ ਵੀ ਪਾਸ ਕੀਤਾ ਜਾ ਚੁੱਕਾ ਹੈ ਤੇ ਆਰਡਰ ਜਾਰੀ ਹੋਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਬਰਿਸਤਾਨ ’ਚੋਂ ਕੂੜੇ ਦੇ ਢੇਰ ਨਹੀਂ ਚੁਕਵਾਏ ਜਾਂਦੇ ਤੇ ਚਾਰਦੀਵਾਰੀ ਦਾ ਕੰਮ ਸ਼ੁਰੂ ਨਹੀਂ ਹੁੰਦਾ, ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਲੋੜ ਪੈਣ ’ਤੇ ਹੋਰ ਭਾਈਚਾਰਕ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ।