ਛੇ ਸਾਲਾਂ ਤੋਂ ਕੱਚੀ ਪਈ ਗਲੀ ਨੇ ਵਧਾਈਆਂ ਮੁਸ਼ਕਿਲਾਂ ਛੇ ਸਾਲਾਂ ਤੋਂ ਕੱਚੀ ਪਈ ਗਲੀ ਨੇ ਵਧਾਈਆਂ ਮੁਸ਼ਕਿਲਾਂ
Publish Date: Mon, 16 Nov 2026 04:53 PM (IST)
Updated Date: Mon, 16 Nov 2026 04:54 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਧਨੌਲਾ ਰੋਡ ’ਤੇ ਪੈਂਦੇ ਗੁਰਸੇਵਕ ਨਗਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਗਲੀ ਪਿਛਲੇ ਕਰੀਬ ਛੇ ਸਾਲਾਂ ਤੋਂ ਪੱਕੀ ਹੋਣ ਦੀ ਉਡੀਕ ਕਰ ਰਹੀ ਹੈ। ਸੀਵਰੇਜ ਪੈਣ ਤੋਂ ਬਾਅਦ ਗਲੀ ’ਚ ਇੰਟਰਲਾਕ ਟਾਈਲਾਂ ਨਾ ਲੱਗਣ ਕਾਰਨ ਰਾਹਗੀਰਾਂ ਅਤੇ ਮੁਹੱਲਾ ਵਾਸੀਆਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਭਾਈ ਕੁਲਦੀਪ ਸਿੰਘ, ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਛੇ ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹੁਣ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਇਸ ਵਾਰਡ ’ਚ ਸੀਵਰੇਜ ਪਵਾਇਆ ਗਿਆ ਸੀ। ਪਰ ਇਸ ਤੋਂ ਬਾਅਦ ਸੂਬੇ ’ਚ ਸੱਤਾ ਬਦਲ ਗਈ ਅਤੇ ਅੱਜ ਤੱਕ ਇਸ ਗਲੀ ’ਚ ਇੰਟਰਲਾਕ ਟਾਈਲਾਂ ਨਹੀਂ ਲਗਾਈਆਂ ਗਈਆਂ। ਕੱਚੀ ਅਤੇ ਟੁੱਟੀ ਗਲੀ ਕਾਰਨ ਬਜ਼ੁਰਗਾਂ, ਬੱਚਿਆਂ ਤੇ ਆਮ ਲੋਕਾਂ ਨੂੰ ਰੋਜ਼ਾਨਾ ਭਾਰੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਮੁਹੱਲਾ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਮੁਸ਼ਕਿਲ ਦੇ ਹੱਲ ਲਈ ਸੱਤਾ ਧਿਰ ਆਗੂ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ। ਹਰ ਵਾਰ ਆਗੂਆਂ ਵੱਲੋਂ ਇਹੋ ਲਾਰਾ ਲਾ ਕੇ ਤੋਰ ਦਿੱਤਾ ਜਾਂਦਾ ਹੈ ਕਿ ਗਲੀ ਪੱਕੀ ਕਰਨ ਵਾਲੀ ਫਾਈਲ ਪਾਸ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਵੀ ਬਣੇ ਸਾਢੇ ਚਾਰ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ, ਪਰ ਉਨ੍ਹਾਂ ਦੀ ਸਾਰ ਕਿਸੇ ਨਹੀਂ ਲਈ। ਲੋਕਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਇਸ ਦੇ ਨਾਲ ਲੱਗਦੀਆਂ ਸਾਰੀਆਂ ਗਲੀਆਂ ਪੱਕੀਆਂ ਕਰ ਦਿੱਤੀਆਂ ਗਈਆਂ ਹਨ, ਪਰ ਉਨ੍ਹਾਂ ਦੇ ਘਰਾਂ ਨੂੰ ਜਾਂਦੀ ਇਸ ਗਲੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੋ-ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਗਲੀ ’ਚ ਇੰਟਰਲਾਕ ਟਾਈਲਾਂ ਲਗਾ ਕੇ ਇਸ ਨੂੰ ਪੱਕਾ ਨਾ ਕੀਤਾ ਗਿਆ, ਤਾਂ ਆਉਣ ਵਾਲੀਆਂ ਚੋਣਾਂ ’ਚ ਸਿਆਸੀ ਆਗੂਆਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।