- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ

ਬਰਨਾਲੇ ਦੇ ‘ਐਮੀਨੈਂਸ ਸਕੂਲ’ ਦੀ ਨਿਕਲੀ ਫੂਕ : ਖੋਦਿਆ ਪਹਾੜ ਤੇ ਨਿਕਲਿਆ ਚੂਹਾ!ਬੱਲੇ ਓਏ ‘ਦਿੱਲੀ ਮਾਡਲ'’ਵਾਲਿਓ! ਬਰਨਾਲੇ ਦੇ 126 ਸਾਲ ਪੁਰਾਣੇ ਸਕੂਲ ਨੂੰ ‘ਐਮੀਨੈਂਸ’ ਦਾ ਤਗ਼ਮਾ ਤਾਂ ਲਾ ਦਿੱਤਾ, ਪਰ ਹਾਲਤ ‘ਉੱਚੀ ਦੁਕਾਨ ਤੇ ਫਿੱਕਾ ਪਕਵਾਨ’ ਵਾਲੀ ਕਰ ਛੱਡੀ। ਜਨਵਰੀ ’ਚ ਐੱਮ.ਪੀ. ਸਾਹਬ ਮੀਤ ਹੇਅਰ ਹੋਰੀਂ ਬੜੇ ਚਾਅ ਨਾਲ 3 ਕਰੋੜ 7 ਲੱਖ ਦੀ ਪੰਜ ਮੰਜ਼ਲਾ ਇਮਾਰਤ ਦਾ ਨੀਂਹ ਪੱਥਰ ਰੱਖ ਗਏ। ਅਗਲੇ ਦਿਨ ਮਹਿਕਮੇ ਵਾਲਿਆਂ ਨੇ ਜੇ.ਸੀ.ਬੀ. ਮਸ਼ੀਨਾਂ ਲਿਆ ਕੇ ਸਕੂਲ ਦੇ ਗਰਾਊਂਡ ਨੂੰ ਐਸਾ ਵਾਹਿਆ ਜਿਵੇਂ ਝੋਨੇ ਦੀ ਲਵਾਈ ਕਰਨੀ ਹੋਵੇ! ਪੰਜ-ਪੰਜ ਫੁੱਟ ਡੂੰਘੇ ਟੋਏ ਪੁੱਟ ਕੇ ਮਿੱਟੀ ਦੇ ਟਿੱਬੇ ਲਾ ਦਿੱਤੇ। ਹੁਣ ਤਾਂ ਦਸ ਮਹੀਨੇ ਬੀਤ ਗਏ, ਉੱਥੇ ਇੱਕ ਰੋੜਾ ਤੱਕ ਨਹੀਂ ਲੱਗਿਆ। 31 ਮਾਰਚ ਟੱਪੀ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਆਏ ਕਰੋੜਾਂ ਰੁਪਏ ‘ਜਿਵੇਂ ਆਏ ਤਿਵੇਂ ਗਏ’ ਵਾਂਗ ਵਾਪਸ ਮੁੜ ਗਏ। ਹੁਣ ਹਾਲ ਇਹ ਹੈ ਕਿ ਨਾ ਮਾਸਟਰ ਪੂਰੇ, ਨਾ ਚਪੜਾਸੀ, ਤੇ ਲੈਬਾਂ ਵਾਲੇ 21 ਲੱਖ ਵੀ ਫਾਈਲਾਂ ’ਚ ਹੀ ਘੁੰਮ ਰਹੇ ਨੇ,,ਅਜੇ ਤੱਕ ਇਹੀ ਨਹੀਂ ਪਤਾ ਲੱਗਿਆ ਕਿ ਇੱਟ ਰੱਖਣੀ ਕਿੱਥੇ ਹੈ! ਦਾਨੀ ਸੱਜਣਾਂ ਦੇ ਬਣਾਏ ਪੁਰਾਣੇ ਕਮਰਿਆਂ ’ਤੇ ਬੱਸ ਨੀਲਾ-ਪੀਲਾ ਰੰਗ ਫੇਰ ਕੇ ‘ਸਿੱਖਿਆ ਕ੍ਰਾਂਤੀ’ ਦਾ ਢੰਡੋਰਾ ਪਿੱਟਿਆ ਜਾ ਰਿਹਾ ਸੀ, ਪਰ ਹੁਣ ਮਹਿਕਮੇ ਨੇ ਟੋਏ ਪੂਰਨ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ। ਵਿਚਾਰੇ ਸਕੂਲ ਵਾਲੇ ਹੁਣ ਸ਼ਹਿਰ ਦੇ ਦਾਨੀਆਂ ਅੱਗੇ ਝੋਲੀ ਅੱਡੀ ਫਿਰਦੇ ਨੇ ਕਿ ਭਾਈ ਰੱਬ ਦੇ ਵਾਸਤੇ ਆਹ ਖੱਡੇ ਹੀ ਪੂਰ ਦਿਓ, ਕਿਤੇ ਜਵਾਕ ਡਿੱਗ ਕੇ ਲੱਤਾਂ-ਬਾਹਾਂ ਨਾ ਤੁੜਵਾ ਲੈਣ।
ਸੱਚ ਹੀ ਕਿਹਾ ਕਿਸੇ ਨੇ ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ!’ ਹੁਣ ਵੇਖਦੇ ਹਾਂ ਆਉਣ ਵਾਲੀਆਂ ਚੋਣਾਂ ’ਚ ਲੋਕ ਇਨ੍ਹਾਂ ਪੁੱਟੇ ਹੋਏ ਟੋਇਆਂ ਦਾ ਹਿਸਾਬ ਕਿਵੇਂ ਲੈਂਦੇ ਨੇ!
-------
ਜੰਞ ਪਰੁੰਨੀ ਤੇ ਲਾੜੇ ਨੂੰ ਤਾਪ ਚੜ੍ਹ ਗਿਆ
ਬਰਨਾਲੇ ਦੇ ਹੰਡਿਆਇਆ ਚੌਂਕ ਕੋਲ ਪਈ ਵਿਹਲੀ ਥਾਂ ਦੀ ਕਹਾਣੀ ਵੀ ਬੜੀ ਅਜੀਬ ਹੈ, ਜਿੱਥੇ ਲੀਡਰਾਂ ਦੇ ਵਾਅਦਿਆਂ ਵਾਂਗ ਨੀਂਹ ਪੱਥਰ ਤਾਂ ਬਥੇਰੇ ਲੱਗੇ, ਪਰ ਇੱਟਾਂ ਕਦੇ ਨਹੀਂ ਜੁੜੀਆਂ। ‘ਉੱਠ ਨਾ ਸਕੇ ਤਾਂ ਫਿੱਟੇ ਮੂੰਹ ਗੋਡਿਆਂ ਦਾ’, ਇਹੀ ਹਾਲ ਇਸ ਜ਼ਮੀਨ ਦਾ ਹੈ, ਜਿੱਥੇ ਵੋਟਾਂ ਨੇੜੇ ਆਉਂਦਿਆਂ ਹੀ ਲੀਡਰਾਂ ਨੂੰ ਵਿਕਾਸ ਦੇ ਸੁਪਨੇ ਆਉਣ ਲੱਗ ਪੈਂਦੇ ਹਨ। ਪਿਛਲੀ ਸਰਕਾਰ ਵੇਲੇ ਵੱਡੇ ਨੇਤਾ ਨੇ ਇੱਥੇ ਸੁਪਰ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ। ਲੋਕਾਂ ਨੂੰ ਲੱਗਿਆ ਹੁਣ ਇਲਾਜ ਲਈ ਬਾਹਰ ਨਹੀਂ ਭੱਜਣਾ ਪਊ, ਪਰ ਸਰਕਾਰ ਬਦਲਦਿਆਂ ਹੀ ਉਹ ਪੱਥਰ ਵੀ ‘ਛੂ-ਮੰਤਰ’ ਹੋ ਗਿਆ। ਸਿਆਣਿਆਂ ਸੱਚ ਕਿਹਾ ਹੈ। ‘ਅੱਖੋਂ ਓਹਲੇ, ਪਹਾੜੋਂ ਓਹਲੇ’।
ਹੁਣ ਪੰਜਾਂ ਵਰ੍ਹਿਆਂ ਬਾਅਦ ਮੁੜ ਵੋਟਾਂ ਦਾ ਬਿਗਲ ਵੱਜਣ ਲੱਗਾ, ਤਾਂ ਮੌਜੂਦਾ ਹਾਕਮਾਂ ਨੇ ਇੱਥੇ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਉਲੀਕ ਲਿਆ। ਕੰਪਨੀ ਨੇ ਪੂਰੀ ਵਾਹ ਲਾ ਦਿੱਤੀ; ਕੂੜੇ ਦੇ ਢੇਰ ਚੁੱਕ ਕੇ ਉਂਗਲਾਂ ’ਤੇ ਗਿਣਨ ਜੋਗੀਆਂ ਰੇਤੇ ਦੀਆਂ ਟਰਾਲੀਆਂ ਪਾ ਕੇ ਮਿੱਟੀ ਪੱਧਰੀ ਕਰ ਰਾਹ ਪੱਧਰਾ ਕੀਤਾ। ਟੈਂਟ ਲੱਗ ਗਏ, ਕੁਰਸੀਆਂ ਡਹਿ ਗਈਆਂ ਤੇ ਪਾਣੀ ਦੀਆਂ ਬੋਤਲਾਂ ਵੀ ਆ ਗਈਆਂ। ਪਰ ਐਨ ਮੌਕੇ ’ਤੇ ਉਹੀ ਗੱਲ ਹੋਈ,, ‘ਜੰਞ ਪਰੁੰਨੀ ਤੇ ਲਾੜੇ ਨੂੰ ਤਾਪ ਚੜ੍ਹ ਗਿਆ’। ਉਦਘਾਟਨ ਕਰਨ ਵਾਲੇ ਨੇਤਾ ਜੀ ਨੂੰ ਵੱਡੇ ਆਕਾਵਾਂ ਦਾ ਸੱਦਾ ਆ ਗਿਆ ਤੇ ਉਹ ਉੱਥੇ ਹੀ ਉਲਝ ਗਏ। ਨਤੀਜਾ ਇਹ ਨਿਕਲਿਆ ਕਿ ਸਾਰੀ ਤਿਆਰੀ ਧਰੀ-ਧਰਾਈ ਰਹਿ ਗਈ ਅਤੇ ਸਮਾਗਮ ਅਗਲੇ ਦਿਨ ਤੱਕ ਟਾਲਣਾ ਪਿਆ।
ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ।
ਕੈਪਸ਼ਨ: ਯਾਦਵਿੰਦਰ ਸਿੰਘ ਭੁੱਲਰ।