- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਆਫ਼ ਐਮੀਨੈਂਸ ਬਰਨਾਲਾ : 3 ਕਰੋੜ 7 ਲੱਖ ਦੀ ਗ੍ਰਾਂਟ ਵਾਪਸ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲਾ ਦੇ ਇਤਿਹਾਸਕ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿਖੇ ਪੰਜ ਮੰਜ਼ਲਾ ਨਵੀਂ ਇਮਾਰਤ ਦਾ ਸੁਪਨਾ ਹੁਣ ਅਧੂਰਾ ਹੀ ਰਹਿ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਦੇ ਵਿਕਾਸ ਲਈ ਭੇਜੇ ਗਏ 3 ਕਰੋੜ 7 ਲੱਖ ਰੁਪਏ ਬਿਨਾਂ ਕੰਮ ਸ਼ੁਰੂ ਹੋਏ ਹੀ ਵਾਪਸ ਸਰਕਾਰੀ ਖ਼ਜ਼ਾਨੇ ਵਿੱਚ ਚਲੇ ਗਏ ਹਨ। ਇੰਨਾ ਹੀ ਨਹੀਂ, ਲੋਕ ਨਿਰਮਾਣ ਵਿਭਾਗ ਵੱਲੋਂ ਇਮਾਰਤ ਦੀ ਉਸਾਰੀ ਲਈ ਪੁੱਟੇ ਗਏ ਵੱਡੇ-ਵੱਡੇ ਟੋਇਆਂ ਅਤੇ ਮਿੱਟੀ ਦੇ ਢੇਰਾਂ ਨੂੰ ਪੱਧਰਾ ਕਰਨ ਤੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਸਕੂਲ ਪ੍ਰਬੰਧਕ ਅਤੇ ਸਮਾਜ ਸੇਵੀ ਗਰਾਊਂਡ ਨੂੰ ਠੀਕ ਕਰਨ ਲਈ ਦਾਨੀ ਸੱਜਣਾਂ ਤੋਂ ਮਦਦ ਮੰਗਣ ਲਈ ਮਜ਼ਬੂਰ ਹਨ।
ਕੀ ਹੈ ਪੂਰਾ ਮਾਮਲਾ?
126 ਸਾਲ ਪੁਰਾਣੇ ਇਸ ਸਕੂਲ ਵਿੱਚ ਕਰੀਬ 1000 ਵਿਦਿਆਰਥੀਆਂ 'ਚ 800 ਲੜਕੇ ਤੇ 200 ਲੜਕੀਆਂ ਪੜ੍ਹਦੇ ਹਨ। ਸਕੂਲ ਦੀ ਖੰਡਰ ਹੋ ਚੁੱਕੀ ਪੁਰਾਣੀ ਇਮਾਰਤ ਨੂੰ ਦੇਖਦਿਆਂ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ 9 ਜਨਵਰੀ 2026 ਨੂੰ 3 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪੰਜ ਮੰਜ਼ਲਾ ਇਮਾਰਤ, ਜਿਸ ਵਿੱਚ 16 ਕਮਰੇ ਅਤੇ 3 ਲੈਬਾਂ ਬਣਨੀਆਂ ਸਨ, ਦਾ ਉਦਘਾਟਨ ਕੀਤਾ ਸੀ।
ਇਸ ਤੋਂ ਬਾਅਦ 10 ਜਨਵਰੀ ਨੂੰ ਪੀ.ਡਬਲਯੂ.ਡੀ. ਵਿਭਾਗ ਨੇ ਜੇਸੀਬੀ ਮਸ਼ੀਨਾਂ ਨਾਲ ਸਕੂਲ ਦੇ ਗਰਾਊਂਡ ਨੂੰ ਕੋਈ ਪੰਜ ਫੁੱਟ ਡੂੰਘਾ ਪੁੱਟ ਦਿੱਤਾ ਅਤੇ ਮਿੱਟੀ ਦੇ ਵੱਡੇ-ਵੱਡੇ ਟਿੱਬੇ ਬਣਾ ਦਿੱਤੇ। ਪਰ ਲੱਗਭੱਗ ਦੱਸ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉੱਥੇ ਇੱਟ ਤੱਕ ਨਹੀਂ ਲਗਾਈ ਗਈ। ਸਮਾਂ ਹੱਦ 31 ਮਾਰਚ 2026 ਮੁੱਕਣ ਅਤੇ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਨਾ ਭੇਜੇ ਜਾਣ ਕਾਰਨ ਕਰੋੜਾਂ ਦੀ ਇਹ ਗ੍ਰਾਂਟ ਵਾਪਸ ਚਲੀ ਗਈ।
------
ਸਟਾਫ਼ ਦੀ ਘਾਟ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ
ਸਕੂਲ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਜਿਹੜੇ ਕਿ 1980-85 ਦੌਰਾਨ ਇਸੇ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ। ਉਨ੍ਹਾਂ ਅਨੁਸਾਰ ਉਹ ਲੰਮੇ ਸਮੇਂ ਤੋਂ ਵਿਭਾਗ ਨੂੰ ਪੱਤਰ ਲਿਖ ਰਹੇ ਹਨ। ਆਪ ਸਰਕਾਰ ਦੇ ‘ਦਿੱਲੀ ਸਿੱਖਿਆ ਮਾਡਲ’ ਤਹਿਤ ਇਸ ਨੂੰ 2023 ਵਿੱਚ ‘ਐਮੀਨੈਂਸ ਸਕੂਲ’ ਤਾਂ ਬਣਾ ਦਿੱਤਾ ਗਿਆ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਕੂਲ ਵਿੱਚ ਅਜੇ ਵੀ 4 ਮਾਸਟਰ ਕਾਡਰ ਅਤੇ 3 ਲੈਕਚਰਾਰਾਂ ਸਮੇਤ ਸੇਵਾਦਾਰਾਂ, ਕਲਰਕ ਅਤੇ ਸਵੀਪਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ।
---------
ਸਿੱਖਿਆ ਵਿਭਾਗ ਵੱਲੋਂ ਆਏ 21 ਲੱਖ ਤਹਿਤ ਵੀ ਇੱਕ ਇੱਟ ਨਹੀਂ ਲੱਗੀ
ਸਦੀਆਂ ਪੁਰਾਣੇ ਇਸ ਸਕੂਲ ਨੂੰ ਭਾਵੇਂ ਸਰਕਾਰ ਵੱਲੋਂ ਐਮੀਨੈਂਸ ਬਣਾ ਦਿੱਤਾ ਗਿਆ ਹੈ ਪਰ ਇੱਥੇ ਸਰਕਾਰੀ ਕਰੋੜਾਂ ਦੀ ਗਰਾਂਟ ਹੀ ਵਾਪਸ ਨਹੀਂ ਹੋਈ ਸਗੋਂ ਸਿੱਖਿਆ ਵਿਭਾਗ ਵੱਲੋਂ ਤਿੰਨ ਲੈਬ ਲਈ ਆਏ 21 ਲੱਖ ਰੁਪਏ 'ਚੋਂ ਹਾਲੇ ਸਕੂਲ ਪ੍ਰਬੰਧਕਾਂ ਅਤੇ ਸਿੱਖਿਆ ਵਿਭਾਗ ਬਰਨਾਲਾ ਵੱਲੋਂ ਜਗ੍ਹਾ ਹੀ ਨਿਸ਼ਚਿਤ ਨਹੀਂ ਹੋਈ ਕਿ ਸਕੂਲ ਦੇ ਕਿਸ ਜਗ੍ਹਾ ’ਚ ਇਹ ਲੈਬ ਬਣਨੀਆਂ ਹਨ। ਸਿੱਖਿਆ ਵਿਭਾਗ ਵੱਲੋਂ ਕੁੱਲ 39 ਲੱਖ ਰੁਪਏ ਦੀ ਗਰਾਂਟ ਜਾਰੀ ਹੋਈ ਹੈ ਜਿਸ ਦੀ ਪਹਿਲੀ ਕਿਸ਼ਤ 21 ਲੱਖ ਰੁਪਿਆ ਸਕੂਲ ਕੋਲ ਪੁੱਜਾ ਹੈ ਪਰ ਸਕੂਲ ਵੱਲੋਂ ਹਲੇ ਤੱਕ ਕੋਈ ਵੀ ਰੂਪ ਰੇਖਾ ਨਹੀਂ ਉਲੀਕੀ ਗਈ। ਜੋ ਆਪਣੇ ਆਪ 'ਚ ਸਿੱਖਿਆ ਕ੍ਰਾਂਤੀ ਤੇ ਸਵਾਲੀਆ ਚਿੰਨ ਹੈ।
----
ਦਾਨੀ ਸੱਜਣਾਂ ਦੀ ਲਈ ਜਾ ਰਹੀ ਹੈ ਮਦਦ
ਸਰਕਾਰੀ ਗ੍ਰਾਂਟ ਵਾਪਸ ਹੋਣ ਕਾਰਨ ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮਜ਼ਾਕ ਉਡਾ ਰਹੀਆਂ ਹਨ, ਉੱਥੇ ਹੀ ਹੁਣ ਸਕੂਲ ਪ੍ਰਬੰਧਕ ਬਰਨਾਲਾ ਦੇ ਦਾਨੀ ਸੱਜਣਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਮੱਦਦ ਕਰਨ ਤਾਂ ਜੋ ਸਕੂਲ ਦੇ ਗਰਾਊਂਡ ਵਿੱਚ ਪੁੱਟੇ ਗਏ ਖ਼ਤਰਨਾਕ ਟੋਇਆਂ ਨੂੰ ਭਰ ਕੇ ਬੱਚਿਆਂ ਦੇ ਖੇਡਣ ਯੋਗ ਬਣਾਇਆ ਜਾ ਸਕੇ। ਗੌਰ ਹੋਵੇ ਕਿ ਇਸ ਐਮੀਨੇਸ਼ਨ ਸਕੂਲ ਵਿੱਚ ਜੋ 10 ਕਮਰੇ ਵੱਖ ਵੱਖ ਸਰਕਾਰਾਂ ਚ ਦਾਨੀ ਸੱਜਣਾਂ ਵੱਲੋਂ ਬਣਾਏ ਗਏ ਸਨ ਅਤੇ ਦੋ ਕਮਰੇ ਐਮਪੀ ਲੈਂਡ ਤਹਿਤ ਪਹਿਲਾਂ ਹੀ ਬਣੇ ਹੋਏ ਸਨ ਇਸ ਆਪ ਦੀ ਸਰਕਾਰ ਵਿੱਚ ਉਨ੍ਹਾਂ ਕਮਰਿਆਂ ਨੂੰ ਨੀਲਾ ਪੀਲਾ ਰੰਗ ਜ਼ਰੂਰ ਸਰਕਾਰੀ ਖਰਚੇ ਤੇ ਹੋਇਆ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇਸ ਵਾਪਸ ਹੋਈ ਗ੍ਰਾਂਟ ਨੂੰ ਮੁੜ ਜਾਰੀ ਕਰਵਾ ਕੇ ਸਕੂਲ ਦੀ ਨਵੀਂ ਇਮਾਰਤ ਦਾ ਕੰਮ ਸਿਰੇ ਚੜ੍ਹਾਉਂਦੇ ਹਨ, ਜਾਂ ਫਿਰ ਸਕੂਲ ਦੇ ਇਹ ਟੋਏ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਲਈ ਵੱਡੀ ਮੁਸੀਬਤ ਬਣਦੇ ਹਨ।