ਸਾਈਬਰ ਠੱਗਾਂ ਵੱਲੋਂ ਠੱਗੀ ਦੇ ਕਾਰਨਾਮੇ ਜਾਰੀ ਸਾਈਬਰ ਠੱਗਾਂ ਵੱਲੋਂ ਠੱਗੀ ਦੇ ਕਾਰਨਾਮੇ ਜਾਰੀ
Publish Date: Thu, 12 Nov 2026 06:01 PM (IST)
Updated Date: Thu, 12 Nov 2026 06:03 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣ ਲਈ ਨਿੱਤ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਕਦੇ ਬਿਜਲੀ ਬਿੱਲ ਤੇ ਕਦੇ ਵਾਹਨ ਦੇ ਚਲਾਨ ਦੇ ਨਾਂ ’ਤੇ ਲੋਕਾਂ ਨੂੰ ਜਾਅਲੀ ਮੈਸੇਜ ਭੇਜ ਕੇ ਉਨ੍ਹਾਂ ਦੇ ਬੈਂਕ ਖਾਤਿਆਂ ’ਚੋਂ ਪੈਸੇ ਕੱਢੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਤਪਾ ਵਿਖੇ ਸਾਹਮਣੇ ਆਇਆ ਹੈ, ਜਿੱਥੇ ਜਾਅਲੀ ਟਰੈਫਿਕ ਚਲਾਨ ਦੀ ਪੀਡੀਐਫ ਫਾਈਲ ਖੋਲ੍ਹਣ ਕਾਰਨ ਇੱਕ ਵਿਅਕਤੀ ਦੇ ਬੈਂਕ ਖਾਤੇ ’ਚੋਂ 39,998 ਰੁਪਏ ਨਿਕਲ ਗਏ। ਜਾਣਕਾਰੀ ਅਨੁਸਾਰ ਤਪਾ ਵਾਸੀ ਬਲਦੇਵ ਕ੍ਰਿਸ਼ਨ ਦੇ ਪੁੱਤਰ ਤਾਸ਼ੂ ਗੋਇਲ ਨੇ ਦੱਸਿਆ ਕਿ ਉਹ ਆਪਣੀ ਗੱਡੀ ਰਾਹੀਂ ਲੁਧਿਆਣਾ ਜਾ ਰਹੇ ਸਨ ਤਾਂ ਰਸਤੇ ’ਚ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਮੈਸੇਜ ਆਇਆ, ਜਿਸ ’ਚ ਗੱਡੀ ਦਾ ਚਲਾਨ ਕੱਟੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਚਲਾਨ ਦੀ ਜਾਂਚ ਕਰਨ ਲਈ ਉਨ੍ਹਾਂ ਨੇ ਮੈਸੇਜ ਨਾਲ ਆਈ ਪੀਡੀਐਫ ਫਾਈਲ ਖੋਲ੍ਹ ਲਈ। ਇਹ ਫਾਈਲ ਮੋਬਾਈਲ ’ਚ ਡਾਊਨਲੋਡ ਹੋ ਗਈ। ਅਗਲੀ ਸਵੇਰ ਜਦੋਂ ਉਹ ਸੁੱਤੇ ਪਏ ਸਨ ਤਾਂ ਮੋਬਾਈਲ ਵਾਈਬ੍ਰੇਟ ਹੋਣ ਲੱਗਾ ਅਤੇ ਹੈਂਗ ਹੋ ਗਿਆ। ਕਰੀਬ 20-25 ਮਿੰਟ ਬਾਅਦ ਫੋਨ ਚੈੱਕ ਕਰਨ ’ਤੇ ਪਤਾ ਲੱਗਾ ਕਿ ਖਾਤੇ ’ਚੋਂ 19,999 ਰੁਪਏ ਦੀਆਂ ਦੋ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 39,998 ਰੁਪਏ ਕੱਢ ਲਏ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਖਾਤਾ ਬਲਾਕ ਕਰਵਾਇਆ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਸਾਈਬਰ ਅਪਰਾਧੀ ਜਾਅਲੀ ਚਲਾਨ, ਬੈਂਕ ਖਾਤੇ ਬੰਦ ਹੋਣ ਅਤੇ ਹੋਰ ਸਰਕਾਰੀ ਸੇਵਾਵਾਂ ਦੇ ਨਾਂ ’ਤੇ ਲੋਕਾਂ ਨੂੰ ਮੈਸੇਜ ਭੇਜ ਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਲੋਕ ਕਿਸੇ ਵੀ ਅਣਜਾਣ ਨੰਬਰ ਤੋਂ ਆਏ ਲਿੰਕ ਜਾਂ ਪੀਡੀਐਫ ਫਾਈਲ ਨੂੰ ਬਿਨਾਂ ਜਾਂਚ ਕੀਤੇ ਨਾ ਖੋਲ੍ਹਣ। ਕਿਸੇ ਵੀ ਵਿਅਕਤੀ ਨਾਲ ਆਪਣਾ ਓਟੀਪੀ, ਏਟੀਐਮ ਪਿੰਨ, ਬੈਂਕ ਖਾਤੇ ਦੀ ਜਾਣਕਾਰੀ ਜਾਂ ਹੋਰ ਗੁਪਤ ਜਾਣਕਾਰੀ ਸਾਂਝੀ ਨਾ ਕਰਨ।