- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਕਿਯੂ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੀ ਸਰਬਸੰਮਤੀ ਨਾਲ ਚੋਣ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੀ ਗਈ ਸੂਬਾਈ ਇਜਲਾਸ ਦੀ ਚੋਣ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੀ ਚੋਣ ਪਿੰਡ ਧੌਲਾ ਦੇ ਡੇਰਾ ਬਾਬਾ ਬੁੱਧ ਰਾਮ ਵਿਖੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਚੋਣ ’ਚ ਜ਼ਿਲ੍ਹੇ ਦੇ ਚਾਰੇ ਬਲਾਕਾਂ ’ਚੋਂ 75 ਡੈਲੀਗੇਟਾਂ ਨੇ ਭਾਗ ਲਿਆ ਤੇ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਦਰਸ਼ਕਾਂ ਤੋਂ ਇਲਾਵਾ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਚੋਣ ਤੋਂ ਪਹਿਲਾਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਾਮਰਾਜੀ ਨੀਤੀਆਂ ਤਹਿਤ ਜ਼ਮੀਨਾਂ, ਰੁਜ਼ਗਾਰ ਤੇ ਜਨਤਕ ਅਦਾਰੇ ਖੋਹਣ ਲਈ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਮਜ਼ਬੂਤ ਕਿਸਾਨ ਲਹਿਰ ਦੀ ਲੋੜ ਹੈ, ਜਿਸ ਦੀ ਅਗਵਾਈ ਦ੍ਰਿੜ੍ਹ ਇਰਾਦੇ ਵਾਲੇ ਆਗੂ ਹੀ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਤੇ ਬਲਾਕ ਆਗੂਆਂ ਨੂੰ ਜਥੇਬੰਦੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਭਗਤ ਸਿੰਘ ਛੰਨਾ ਨੇ ਹਿਸਾਬ-ਕਿਤਾਬ ਅ ਜਰਨੈਲ ਸਿੰਘ ਬਦਰਾ ਨੇ ਕਾਰਜਕਾਰੀ ਰਿਪੋਰਟ ਪੇਸ਼ ਕੀਤੀ। ਪਿਛਲੇ ਸਮੇਂ ਦੌਰਾਨ ਲੜੇ ਗਏ ਸੰਘਰਸ਼ਾਂ ਦਾ ਲੇਖਾ-ਜੋਖਾ ਕਰਦਿਆਂ ਚੰਗੇ ਤਜਰਬਿਆਂ ਨੂੰ ਅੱਗੇ ਲਿਜਾਣ ਅਤੇ ਕਮਜ਼ੋਰੀਆਂ ਦੂਰ ਕਰਨ ਦਾ ਅਹਿਦ ਲਿਆ ਗਿਆ।
ਚੋਣ ਦੌਰਾਨ ਚਮਕੌਰ ਸਿੰਘ ਨੈਣੇਵਾਲ ਨੂੰ ਜ਼ਿਲ੍ਹਾ ਪ੍ਰਧਾਨ, ਜਗਰੂਪ ਸਿੰਘ ਉਰਫ਼ ਰੂਪ ਛੰਨਾ ਨੂੰ ਜਨਰਲ ਸਕੱਤਰ, ਕ੍ਰਿਸ਼ਨ ਸਿੰਘ ਛੰਨਾ ਨੂੰ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਜਵੰਦਾ ਨੂੰ ਖ਼ਜ਼ਾਨਚੀ, ਭਗਤ ਸਿੰਘ ਛੰਨਾ ਨੂੰ ਮੀਤ ਪ੍ਰਧਾਨ, ਬੁੱਕਣ ਸਿੰਘ ਸੱਦੋਵਾਲ ਨੂੰ ਪ੍ਰਚਾਰ ਸਕੱਤਰ ਤੇ ਕਮਲਜੀਤ ਕੌਰ ਬਰਨਾਲਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਬਿੰਦਰ ਪਾਲ ਕੌਰ ਭਦੌੜ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਲਖਵੀਰ ਕੌਰ ਧਨੌਲਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਆਗੂਆਂ ਨੇ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।