- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ ਵੱਖ ਜਥੇਬੰਦੀਆਂ ਵੱਲੋਂ ਥਾਣਾ ਮਹਿਲ ਕਲਾਂ ਵਿਖੇ ਧਰਨਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਮਹਿਲ ਕਲਾਂ ਵਿਖੇ 07 ਨਵੰਬਰ ਨੂ੍ੰ ਵਾਪਰੇ ਸੜਕ ਹਾਦਸੇ ’ਚ ਜਾਨ ਗੁਆ ਚੁੱਕੇ ਨੌਜਵਾਨ ਮਨਜਿੰਦਰ ਸਿੰਘ ਗੋਲਾ ਤੇ ਜ਼ਖ਼ਮੀ ਪ੍ਰਗਟ ਸਿੰਘ ਵਾਸੀ ਮਹਿਲ ਕਲਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦੋਵੇਂ ਪਰਿਵਾਰਾਂ ਵੱਲੋਂ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਪੀੜ੍ਹਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਮਾਨ ਸਿੰਘ ਗੁਰਮ, ਨਿਸਾਨ ਗੁੰਮਟੀ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਜੀਤ ਸਿੰਘ ਖਿਆਲੀ,ਅਜਮੇਰ ਸਿੰਘ ਭੱਠਲ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸੁਖਵਿੰਦਰ ਸਿੰਘ ਪੱਪੂ, ਭਾਕਿਯੂ ਕਾਦੀਆਂ ਦੇ ਆਗੂ ਪਰਮਜੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਕਿੰਨੀ ਦੁੱਖ ਵਾਲੀ ਗੱਲ ਹੈ ਕਿ ਹਾਦਸੇ ਨੂੰ ਪੰਜ ਦਿਨ ਤੇ ਮਨਜਿੰਦਰ ਸਿੰਘ ਦੀ ਮੌਤ ਨੂੰ ਤਿੰਨ ਦਿਨ ਬੀਤ ਜਾਣ ਬਾਵਜੂਦ ਪੁਲਿਸ ਪ੍ਰਸਾਸਨ ਵੱਲੋਂ ਦੋਸ਼ੀ ਵਿਅਕਤੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਦੋ ਧੀਆਂ ਦੇ ਪਿਤਾ ਦੀ ਸੜਕ ਹਾਦਸੇ ’ਚ ਹੋਈ ਮੌਤ ਕਾਰਨ ਪਰਿਵਾਰ ਸਦਮੇ ’ਚ ਹੈ, ਪਰ ਪੁਲਿਸ ਕਾਰਵਾਈ ਤੋਂ ਭੱਜ ਰਹੀ ਹੈ। ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਵਾਰ ਵਾਰ ਪੋਸਟਮਾਰਟਮ ਕਰਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਹੰਦੀ ਨਾ ਹੀ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਏਐਸਆਈ ਗੁਰਤੇਜ ਸਿੰਘ ਨੇ ਕਿਹਾ ਕਿ ਮਹਿਲ ਕਲਾਂ ’ਚ ਹਾਦਸਾ ਕਰਕੇ ਭੱਜਣ ਵਾਲੇ ਵਿਅਕਤੀ ਦੀ ਸਨਾਖਤ ਹੋ ਚੁੱਕੀ ਹੈ। ਗੱਡੀ ਦੇ ਮਾਲਕ ਨੂੰ ਬੁਲਾਇਆ ਗਿਆ ਹੈ ਜਿਸ ਤੋਂ ਦੋਸੀ ਵਿਅਕਤੀ ਗੱਡੀ ਕਿਰਾਏ ਤੇ ਲੈ ਕੇ ਗਿਆ ਸੀ। ਦੋਸੀ ਵਿਅਕਤੀ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ ਤੇ ਜੱਦੋ-ਜਹਿਦ ਤੋਂ ਬਾਅਦ ਕੈਮਰਿਆਂ ਦੀ ਘੋਖ ਕਰਕੇ ਗੱਡੀ ਦੀ ਸ਼ਨਾਖ਼ਤ ਕੀਤੀ ਗਈ ਹੈ। ਹਾਦਸਾ ਕਰਕੇ ਭੱਜਣ ਵਾਲੇ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਟੀਮ ਗਈ ਹੋਈ ਹੈ । ਇਸ ਮੌਕੇ ਮਿ੍ਤਕ ਮਨਜਿੰਦਰ ਸਿੰਘ ਦੇ ਪਿਤਾ ਕੌਰਾ ਸਿੰਘ,ਪ੍ਰਗਟ ਸਿੰਘ ਦੇ ਪਿਤਾ ਕਰਮ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਪੁਲਸ ਪ੍ਰਸਾਸਨ ਵੱਲੋਂ ਇਨਸਾਫ਼ ਦਾ ਭਰੋਸਾ ਮਿਲਣ ਕਰਕੇ ਪਰਿਵਾਰ ਪੋਸਟਮਾਰਟਮ ਲਈ ਰਾਜੀ ਹੋਇਆ ਤੇ ਆਪਸੀ ਸਹਿਮਤੀ ਨਾਲ ਧਰਨਾ ਚੁੱਕ ਦਿੱਤਾ।