ਪਰਾਲੀ ਪ੍ਰਬੰਧਨ: ਜ਼ਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨ ਬਣੇ ਮਿਸਾਲ ਪਰਾਲੀ ਪ੍ਰਬੰਧਨ: ਜ਼ਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨ ਬਣੇ ਮਿਸਾਲ
Publish Date: Tue, 10 Nov 2026 04:41 PM (IST)
Updated Date: Tue, 10 Nov 2026 04:42 PM (IST)
:: ਡਿਪਟੀ ਕਮਿਸ਼ਨਰ ਤੇ ਐਸਐਸਪੀ ਵੱਲੋਂ ਪਿੰਡ ਬਡਬਰ ’ਚ ਪਰਾਲੀ ਸਟੋਰੇਜ ਡੰਪ ਦਾ ਦੌਰਾ :: 12 ਏਕੜ ’ਚ ਬਣਿਆ ਹੈ ਡੰਪ, 5 ਵੱਡੀਆਂ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਜਾਰੀ :; ਜ਼ਿਲ੍ਹੇ ’ਚ 16 ਤੋਂ ਵੱਧ ਪਰਾਲੀ ਸਟੋਰੇਜ ਡੰਪ ਕਾਰਜਸ਼ੀਲ, ਰਾਜਗੜ੍ਹ, ਬਡਬਰ ਤੇ ਭੈਣੀ ਮਹਿਰਾਜ ਸਮੇਤ ਵੱਖ-ਵੱਖ ਪਿੰਡਾਂ ’ਚ ਵੱਡੇ ਪੱਧਰ ’ਤੇ ਪਰਾਲੀ ਪ੍ਰਬੰਧਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਪਰਾਲੀ ਪ੍ਰਬੰਧਨ ਤਹਿਤ ਕਿਸਾਨਾਂ ਤੇ ਪਰਾਲੀ ਪ੍ਰਬੰਧਨ ਨਾਲ ਜੁੜੇ ਉੱਦਮੀਆਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਤੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਵੱਲੋਂ ਪਿੰਡ ਬਡਬਰ ਵਿਖੇ ਕੁਲਦੀਪ ਸਿੰਘ ਦੇ ਪਰਾਲੀ ਸਟੋਰੇਜ ਡੰਪ ਦਾ ਦੌਰਾ ਕਰਕੇ ਪਰਾਲੀ ਦੀਆਂ ਗੱਠਾਂ ਬਣਾਉਣ, ਇਕੱਠਾ ਕਰਨ ਤੇ ਸਟੋਰੇਜ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੁਲਦੀਪ ਸਿੰਘ ਵੱਲੋਂ ਲਗਭਗ 12 ਏਕੜ ਰਕਬੇ ’ਚ ਵਿਸ਼ਾਲ ਪਰਾਲੀ ਸਟੋਰੇਜ ਡੰਪ ਤਿਆਰ ਕੀਤਾ ਗਿਆ ਹੈ, ਜਿੱਥੇ ਅੰਦਾਜ਼ਨ 20,000 ਤੋਂ 30,000 ਮੀਟ੍ਰਿਕ ਟਨ ਪਰਾਲੀ ਇਕੱਠੀ ਕਰਨ ਦਾ ਟੀਚਾ/ਸਮਰੱਥਾ ਹੈ। ਡੰਪ ਵਿਚ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਪੰਜ ਵੱਡੀਆਂ ਬੇਲਰ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਸ ਨਾਲ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਉਸ ਨੂੰ ਗੱਠਾਂ ਦੇ ਰੂਪ ’ਚ ਸਟੋਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ 16 ਤੋਂ ਵੱਧ ਪਰਾਲੀ ਸਟੋਰੇਜ ਡੰਪ ਕਾਰਜਸ਼ੀਲ ਹਨ। ਰਾਜਗੜ੍ਹ, ਬਡਬਰ ਅਤੇ ਭੈਣੀ ਮਹਿਰਾਜ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਸਟੋਰੇਜ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਇਹ ਉਪਰਾਲੇ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਠੋਸ ਹੱਲ ਪੇਸ਼ ਕਰਨ ਦੇ ਨਾਲ-ਨਾਲ ਕਿਸਾਨਾਂ, ਬੇਲਰ ਮਾਲਕਾਂ ਤੇ ਉਦਯੋਗਿਕ ਇਕਾਈਆਂ ਲਈ ਆਰਥਿਕ ਮੌਕੇ ਵੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਬਜਾਏ ਇਸ ਦੀ ਸੁਚੱਜੀ ਸੰਭਾਲ, ਸਟੋਰੇਜ ਅਤੇ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਬਰਨਾਲਾ ਦੇ ਕਿਸਾਨਾਂ ਨੇ ਆਪਣੀ ਮਿਹਨਤ ਅਤੇ ਸਹਿਯੋਗ ਨਾਲ ਇਹ ਸਾਬਤ ਕੀਤਾ ਹੈ ਕਿ ਪਰਾਲੀ ਪ੍ਰਦੂਸ਼ਣ ਦਾ ਕਾਰਨ ਬਣਨ ਦੀ ਬਜਾਏ ਆਮਦਨ ਦਾ ਸਾਧਨ ਵੀ ਬਣ ਸਕਦੀ ਹੈ। ਐਸਐਸਪੀ ਬਰਨਾਲਾ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਇਸ ਦੇ ਯੋਗ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਨ।