ਪਰਾਲੀ ਪ੍ਰਬੰਧਨ: ਛੁੱਟੀ ਵਾਲੇ ਦਿਨ ਵੀ ਖੇਤਾਂ ’ਚ ਡਟੇ ਅਧਿਕਾਰੀ ਪਰਾਲੀ ਪ੍ਰਬੰਧਨ: ਛੁੱਟੀ ਵਾਲੇ ਦਿਨ ਵੀ ਖੇਤਾਂ ’ਚ ਡਟੇ ਅਧਿਕਾਰੀ
Publish Date: Tue, 10 Nov 2026 04:34 PM (IST)
Updated Date: Tue, 10 Nov 2026 04:35 PM (IST)
:: ਪ੍ਰਸ਼ਾਸਨਿਕ ਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਛੁੱਟੀ ਵਾਲੇ ਦਿਨ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਅਧਿਕਾਰੀਆਂ ਵੱਲੋਂ ਛੁੱਟੀ ਦੇ ਬਾਵਜੂਦ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚ ਜਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ ਤੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ। ਇਸੇ ਤਹਿਤ ਐੱਸਡੀਐੱਮ ਬਰਨਾਲਾ ਅਜੀਤਪਾਲ ਸਿੰਘ ਚਹਿਲ ਨੇ ਕਲੱਸਟਰ ਅਧਿਕਾਰੀਆਂ ਸਮੇਤ ਬੀਕਾ ਸੂਚ ਪੱਤੀ ਦੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉ੍ਨ੍ਹਾਂ ਕਿਸਾਨਾਂ ਨੂੰ ਬੇਲਰਾਂ ਰਾਹੀਂ ਗੱਠਾਂ ਬਣਾ ਕੇ ਜਾਂ ਹੋਰ ਇਨ-ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਲਈ ਜਾਗਰੂਕ ਕਰਨਗੇ। ਇਸ ਉਪਰੰਤ ਐੱਸਡੀਐੱਮ ਅਜੀਤਪਾਲ ਸਿੰਘ ਨੇ ਪਿੰਡ ਖੁੱਡੀ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ, ਜਿੱਥੇ ਕਿਸਾਨਾਂ ਨੇ ਬੇਲਰ ਦੇ ਕੰਮਕਾਜ ਅਤੇ ਪਰਾਲੀ ਦੀਆਂ ਗੱਠਾਂ ਦੀ ਸਮੇਂ ਸਿਰ ਚੁਕਾਈ (ਲਿਫਟਿੰਗ) ’ਤੇ ਤਸੱਲੀ ਪ੍ਰਗਟਾਈ। ਐੱਸਡੀਐੱਮ ਨੇ ਮੌਕੇ ’ਤੇ ਮੌਜੂਦ ਬੇਲਰ ਆਪਰੇਟਰ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਬੇਲਰ ਚਲਾਉਣ ਸਬੰਧੀ ਅਗਾਊਂ ਅਤੇ ਸਹੀ ਸਮਾਂ-ਸਾਰਣੀ ਦਿੱਤੀ ਜਾਵੇ, ਤਾਂ ਜੋ ਕਿਸਾਨ ਕਿਸੇ ਵੀ ਕਾਹਲੀ ’ਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਬੇਲਰ ਰਾਹੀਂ ਗੱਠਾਂ ਬਣਾਉਣ ਨੂੰ ਤਰਜੀਹ ਦੇਣ। ਦੂਜੇ ਪਾਸੇ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਵੱਲੋਂ ਵੀ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉ੍ਨ੍ਹਾਂ ਪਿੰਡ ਠੀਕਰੀਵਾਲਾ ਦੇ ਖੇਤਾਂ ’ਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਮਾਰਗਦਰਸ਼ਨ ਕੀਤਾ। ਇਸ ਮੌਕੇ ਉ੍ਨ੍ਹਾਂ ਨਾਲ ਕਲੱਸਟਰ ਬਰਨਾਲਾ ਦੇ ਕਲੱਸਟਰ ਅਫਸਰ, ਸਹਾਇਕ ਕਲੱਸਟਰ ਅਫਸਰ ਤੇ ਨੋਡਲ ਅਫਸਰ ਵੀ ਮੌਜੂਦ ਸਨ।